ਕੱਲ੍ਹ ਨੂੰ ਕਿਧਰੇ ਦੋਹਾਂ ਪੜ੍ਹ ਪੁੜ੍ਹ ਜਾਣਾ ਏ

ਕੱਲ੍ਹ ਨੂੰ ਕਿਧਰੇ ਦੋਹਾਂ ਪੜ੍ਹ ਪੁੜ੍ਹ ਜਾਣਾ ਏ 

ਤੂੰ ਕਿਧਰੇ ਮੈਂ ਕਿਧਰੇ ਖੜ੍ਹ ਖੁੜ੍ਹ ਜਾਣਾ

ਮੈਨੂੰ ਕੋਹ ਕਾਹ ਦੇਣਾ ਅੰਤ ਰਿਵਾਜਾਂ ਨੇ 

ਤੂੰ ਰਸਮਾਂ ਦੀ ਸੂਲ਼ੀ ਚੜ੍ਹ ਚੁੜ੍ਹ ਜਾਣਾ ਏ 

ਕੁਝ ਵੀ ਕਰੀਏ ਭੁੱਖ ਤੇ ਰੱਜ ਦੇ ਨਾਗਾਂ ’ਚੋਂ 

ਇੱਕ ਤੈਨੂੰ ਇੱਕ ਮੈਨੂੰ ਲੜ ਲੁੜ ਜਾਣਾ

ਹੌਲ਼ੀ ਹੌਲ਼ੀ ਤੇਰੇ ਪਿੰਡ ਤੇ ਪਿੱਪਲਾਂ ਤੋਂ

ਸਾਡੇ ਨਾਂ ਦੇ ਪੱਤਰਾਂ ਝੜ ਝੁੜ ਜਾਣਾ

ਉੱਡ ਉੱਡਾ ਕੇ ਓੜਕ ਚਿੜੀਆਂ ਚੁੜੀਆਂ ਨੇ

ਆਪੋ ਆਪਣੇ ਪਿੰਜਰੇ ਤੜ ਤੁੜ ਜਾਣਾ

ਜਿੰਨੇ ਚਿਰ ਨੂੰ ਵੇਲ਼ਾ ਨਾਲ਼ ਖਲੋਵੇਗਾ

ਓਨੇ ਚਿਰ ਨੂੰ ਲੇਖਾਂ ਅੜ ਉੜ ਜਾਣਾ

ਕਈ ਗੱਲਾਂ ਨਈਂ ਪਚਣਾ ‘ਸੰਧੂ’ ਕਈਆਂ ਨੂੰ 

ਕਈ ਗੱਲਾਂ ਤੋਂ ਕਈਆਂ ਸੜ ਸੁੜ ਜਾਣਾ

📝 ਸੋਧ ਲਈ ਭੇਜੋ