ਕਲੀ ਕਲੀ ਤੇ ਨਿਖਾਰ ਚਾਹਾਂ

ਕਲੀ ਕਲੀ ਤੇ ਨਿਖਾਰ ਚਾਹਾਂ ਸ਼ਬਾਬ ਚਾਹਾਂ ।

ਅਦਬ ਦੇ ਗੁਲਸ਼ਨ ਦੀ ਪੱਤੀ ਪੱਤੀ ਗੁਲਾਬ ਚਾਹਾਂ ।

ਸੁਖ਼ਨ ਦੀ ਨਗਰੀ ਵਟਾ ਕੇ ਆਏ ਨੇ ਰੂਪ ਜਿਹੜੇ,

ਅਜਿਹੇ ਲੋਕਾਂ ਦੇ ਮੂੰਹ ਸਦਾ ਬੇਨਕਾਬ ਚਾਹਾਂ ।

ਜ਼ਰਾ ਮੇਰੇ ਦੋਸਤੋ ਮੇਰੀ ਸਾਦਗੀ ਤੇ ਦੇਖੋ,

ਖ਼ਿਜ਼ਾਂ ਦੀ ਰੁੱਤੇ ਸਦਾ ਬਹਾਰਾਂ ਦੇ ਖ਼ਾਬ ਚਾਹਾਂ ।

ਵਰਕ ਵਰਕ ਤੇ ਲਿੱਖੇ ਨੇ ਕਿੱਸੇ ਹਜ਼ੀਮਤਾਂ ਦੇ,

ਮੈਂ ਕਿਵੇਂ ਗੁਜ਼ਰੇ ਜ਼ਮਾਨਿਆਂ ਦੀ ਕਿਤਾਬ ਚਾਹਾਂ ।

ਜਵਾਨ ਸੱਧਰ ਦੀ ਸ਼ਾਹਜ਼ਾਦੀ ਨੂੰ ਲਾ ਕੇ ਸੀਨੇ,

ਸਕੂਨ ਚਾਹਾਂ ਕਦੀ ਕਦੀ ਇਜ਼ਤਰਾਬ ਚਾਹਾਂ ।

ਮੇਰੀ ਵਫ਼ਾ ਦੀ ਦਲੇਰ ਸੋਹਣੀ ਵੀ ਠਿੱਲ ਪਵੇਗੀ,

ਤੇਰੀ ਨਜ਼ਰ ਦਾ ਖ਼ਲੂਸ ਭਰਿਆ ਚਨਾਬ ਚਾਹਾਂ ।

ਨਾ ਹੋਵੇ ਜਿਸ 'ਚ ਕੋਈ ਨਫ਼ਰਤ ਦਾ ਬਾਬ 'ਸਾਕੀ'',

ਮੁਹੱਬਤਾਂ ਦੇ ਨਗਰ ਦਾ ਐਸਾ ਨਿਸਾਬ ਚਾਹਾਂ ।

📝 ਸੋਧ ਲਈ ਭੇਜੋ