ਕਲੀਆਂ, ਗੁੰਚੇ ਥਾਂ-ਥਾਂ ਖਿਲਰੇ

ਕਲੀਆਂ, ਗੁੰਚੇ ਥਾਂ-ਥਾਂ ਖਿਲਰੇ, ਬੂਟੇ ਦਿਸਦੇ ਖਾਲੀ

ਇੰਜ ਲਗਦਾ ਬਾਗ ਦੀ ਰੌਣਕ, ਲੁਟਕੇ ਲੈ ਗਏ ਮਾਲੀ

ਦਿਲ ਦੇ ਖੋਟੇ, ਮੂੰਹ ਦੇ ਮਿੱਠੇ, ਫੁੱਲਾਂ ਵਰਗੇ ਮੁੱਖੜੇ,

ਪਹਿਲਾਂ ਪਿਆਰ ਹੁਲਾਰਾ ਦਿੰਦੇ, ਪਿੱਛੋਂ ਦੇਸ਼ ਨਿਕਾਲੀ

ਮੈਂ ਸੱਧਰਾ ਦੇ ਬੂਹੇ ਯਾਰੋ, ਕਈ ਵਾਰੀ ਖੜਕਾਏ,

ਹਰ ਬੂਹੇ ਦੇ ਉਹਲੇ ਮੈਨੂੰ, ਦੇਵੇ ਸੰਝ ਵਿਖਾਲੀ

ਉਹਨੂੰ ਤਾਂ ਇਸ ਜੀਵਨ ਕੋਲੋਂ, ਸੁੱਖ ਨਾ ਮਿਲਿਆ ਕੋਈ,

ਜੀਹਦੇ ਗਲੇ ਪੈ ਗਈ ਹੋਵੇ, ਅਜਲੋਂ ਸੋਚ ਪੰਜਾਲੀ

ਪੱਥਰ ਦਾ ਦਿਲ ਰੱਖਣ ਵਾਲੇ, ਰਹਿਮ ਕਦੇ ਨਹੀਂ ਖਾਂਦੇ,

ਹੀਣੇਂ ਬੰਦੇ ਨੂੰ ਨਹੀਂ ਪੁੱਗਦੀ, ਡਾਢੇ ਦੀ ਭਈਵਾਲੀ

ਦਿਲ ਦੇ ਪ੍ਰੇਮ ਨਗਰ ਵਿੱਚ ਪੈਂਦੇ, ਚਿੱਟੇ ਦਿਨ ਨੂੰ ਡਾਕੇ,

ਲੁਕੜਾ ਵਿਹੜਾ, ਮੈਂ ਹਾਂ ਕੱਲਾ, ਕੌਣ ਕਰੇ ਰਖਵਾਲੀ

ਲਾਲ ਸਮਝ ਕੇ ਝੋਲੀ ਪਾਇਆ, ਇਕ ਮਘਦਾ ਅੰਗਾਰਾ,

ਪਹਿਲੀ ਵਾਰੀ 'ਸਾਬਰ' ਮੈਨੂੰ, ਧੋਖਾ ਦੇ ਗਈ ਲਾਲੀ

📝 ਸੋਧ ਲਈ ਭੇਜੋ