ਨਾ ਮੈਂ ਲੋਕੋ ਚਰਖਾ ਡਾਹੁੰਦੀ,
ਨਾ ਮੈਂ ਹੁਣ ਚੜ੍ਹਾਂ ਚੁਬਾਰੇ।
ਨਾ ਬਾਰੀ ਮੈਂ ਖੋਲ੍ਹਾਂ ਸੱਜਣ ਲਈ,
ਫਿਰਨ ਰਾਂਝੇ ਆਲੇ ਦੁਆਲੇ।
ਹੀਰ ਮੈਂ ਲੋਕੋ ਕਲਯੁੱਗ ਵਾਲੀ,
ਐਵੇਂ ਰਾਂਝੇ ਦੇ ਹੱਥ ਨਾ ਆਉਣੀ।
ਹੀਰ ਰਾਂਝਾ ਪਹਿਲਾਂ ਵਾਰਿਸ ਸ਼ਾਹ ਲਿਖਿਆ,
ਲਿਖਾਂ ਮੈਂ ਆਪੇ ਆਪਣੀ ਕਹਾਣੀ।
ਨਾ ਮੈਂ ਲੋਕੋ ਤ੍ਰਿੰਞਣ ਬਹਿੰਦੀ,
ਨਾ ਪੈਣ ਮੈਥੋਂ ਫੁੱਲ ਬੂਟੀਆਂ।
ਚੂਰੀ ਦਾ ਤਾਂ ਸਮਾਂ ਹੀ ਲੰਘ ਗਿਆ,
ਨਾ ਮੈਂ ਪਕਾਵਾਂ ਰੋਟੀਆਂ।
ਪਹਿਲਾਂ ਵੱਟਸਐਪ ਫੇਸਬੁੱਕ ਹੁਣ ਸਨੈਪਚੈਟ ਦੀ ਵਾਰੀ,
ਇੰਸਟਾਗ੍ਰਾਮ ਸਕਾਈਪ ਨੇ ਮੱਤ ਹੀਰ ਦੀ ਮਾਰੀ।
ਸੋਸ਼ਲ ਸਾਈਟਾਂ 'ਤੇ ਲੱਭਦੀਆਂ ਰਾਂਝੇ ਅੱਜ ਹੀਰਾਂ,
ਹੀਰ ਕਰ 'ਤੀ ਕਮਲੀ ਅੱਜ ਕਲਯੁੱਗ ਨੇ ਸਾਰੀ।
ਅੱਜ ਕੱਲ੍ਹ ਹੀਰਾਂ ਰਾਂਝੇ ਰੱਖਣ ਚਾਰ ਜੀ,
ਇੱਕ ਤਾਂ ਕੋਈ ਹੋਊ ਜਿਹੜਾ ਲੈ ਜਾਊਗਾ ਬਾਹਰ ਜੀ।
ਕਿਤਾਬਾਂ ਮੂਹਰੇ ਰੱਖ ਕੇ ਚੈਟਾਂ ਨੇ ਹੁੰਦੀਆਂ,
ਹੁਣ ਬਹੁਤਾ ਕਰਿਓ ਨਾ ਹੀਰ 'ਤੇ ਇਤਬਾਰ ਜੀ।
ਨਾ ਤਾਂ ਪਹਿਲਾਂ ਜਿਹੀ ਯਾਰੀ ਰਹੀ,
ਯਾਰੀਆਂ ਹੋ ਗਈਆਂ ਨੇ ਖੋਟੀਆਂ।
ਅੱਜ ਕੱਲ੍ਹ ਬਰਗਰ ਪੀਜ਼ੇ ਖਾ ਕੇ ਹੀਰਾਂ,
ਹੋ ਗਈਆਂ ਨੇ ਬਹੁਤ ਹੀ ਮੋਟੀਆਂ।
ਇਹ ਹੀਰ ਦੀ ਗੱਲ ਸ਼ੈਰੀ ਲਿਖ ਲੋਕੋ ਸੁਣਾਈ,
ਸੱਚੇ ਪਿਆਰ ਵਾਲੀ ਕੋਈ ਸਮਝੇ ਨਾ ਗਹਿਰਾਈ।
ਰਾਂਝੇ ਦਾ ਵੀ ਤਾਂ ਇੱਥੇ ਹੈ ਜਲੂਸ ਨਿਕਲਿਆ,
ਸੂਰਤ ਹੀਰ ਰਾਂਝੇ ਦੀ ਪਹਿਚਾਣ 'ਚ ਨਾ ਆਈ।
ਰਾਂਝੇ ਅੱਜ ਦੇ ਜੈੱਲ ਲਗਾ 'ਕੇ ਪੱਟਣ ਚੱਲੇ ਹੀਰਾਂ,
ਅਕਲਾਂ ਹੋ ਗਈਆਂ ਨੇ ਬਹੁਤ ਹੀ ਛੋਟੀਆਂ।
ਇੱਕ ਬੁੱਲੇਟ ਜਿਹਾ ਲੈ ਕੇ ਫਿਰਨ ਪਟਾਕੇ ਪਾਉਂਦੇ,
ਥਾਂ-ਥਾਂ ਖਾਂਦੇ ਫਿਰਨ ਇਹ ਲੋਕਾਂ ਤੋਂ ਸੋਟੀਆਂ।
ਸ਼ੈਰੀ ਨੇ ਤਾਂ ਲੋਕੋ ਸੱਚ ਲਿਖਿਆ ਤੇ ਸੁਣਾਇਆ,
ਮੈਂ ਕੀਤਾ ਪਿਆਰ ਬੜਾ ਪਰ ਹੀਰ ਦੀ ਸਮਝ ਨਾ ਆਇਆ।
ਜਦੋਂ ਮੈਂ ਛੱਡ ਉਹਨੂੰ ਅੱਗੇ ਵੱਲ ਨੂੰ ਤੁਰਿਆ,
ਫੇਰ ਮੇਰੀਆਂ ਯਾਦਾਂ ਨੇ ਹੀਰ ਨੂੰ ਹੋਣਾ ਬਹੁਤ ਸਤਾਇਆ।