ਕਾਲਖ਼ ਨੂੰ ਸਜਦਾ ਕਰਨ

ਮਸ਼ਾਲਾਂ ਹੱਥ ਵਿੱਚ, ਕਾਲਖ਼ ਨੂੰ ਸਜਦਾ ਕਰਨ ਲੱਗੇ ਹਨ! 

ਪਲਾਂ ਵਿੱਚ ਲੋਕ, ਇਹ ਕੀ ਕੀ ਤਮਾਸ਼ਾ ਕਰਨ ਲੱਗੇ ਹਨ!

ਬੜਾ ਵੱਡਾ, ਖੜਾ ਇੱਕ ਹੋਰ ਮਸਲਾ ਕਰਨ ਲੱਗੇ ਹਨ

ਉਹ ਸਾਡੇ ਮਸਲਿਆਂ ਨੂੰ, ਦੇਖ ਬੌਣਾ ਕਰਨ ਲੱਗੇ ਹਨ!

ਚੁਗੋ ਚੋਗਾ ਤੁਸੀਂ ਉਹ ਪੰਛੀਆਂ ਨੂੰ ਮਸ਼ਵਰਾ ਦੇ ਕੇ, 

ਪਰ੍ਹੇ ਜਾ ਕੇ ਸ਼ਿਕਾਰੀ ਨੂੰ, ਇਸ਼ਾਰਾ ਕਰਨ ਲੱਗੇ ਹਨ!

ਜਦੋਂ ਹਰ ਚੀਜ਼ ਵਿਕਦੀ ਹੈ, ਤਾਂ ਫਿਰ ਇਹ ਕਿਉਂ ਨਹੀਂ ਵਿਕਦਾ, 

ਉਹ ਮੇਰੇ ਹੌਂਸਲੇ ਉੱਪਰ, ਮੁਕੱਦਮਾ ਕਰਨ ਲੱਗੇ ਹਨ!

ਜਦੋਂ ਦਾ ਆਖ ਬੈਠਾਂ ਮੁਸਕਰਾ ਕੇ ਠੀਕ ਹਾਂ ਹੁਣ ਕੁਝ, 

ਜੋ ਪੁੱਛਣ ਹਾਲ ਆਏ ਸਨ, ਉਹ ਚਿੰਤਾ ਕਰਨ ਲੱਗੇ ਹਨ!

ਨਿਰਾਲੇ ਸਾਜ਼ 'ਤੇ ਹਾਕਮ ਨੇ ਐਸੀ ਧੁਨ ਵਜਾਈ ਹੈ, 

ਜਿਨ੍ਹਾਂ ਕਰਨਾ ਸੀ ਤਾਂਡਵ-ਨਾਚ, ਮੁਜਰਾ ਕਰਨ ਲੱਗੇ ਹਨ!

📝 ਸੋਧ ਲਈ ਭੇਜੋ