ਕੱਲ੍ਹ ਫੇਰ ਚੜੇਗਾ ਉਹ ਸੂਰਜ
ਸ਼ਾਇਦ ਹੋਵੇਗਾ ਤੇਰੀ ਤਸਵੀਰ ਵਰਗਾ
ਤੇਰੀ ਮੁਸਕਾਣ ਬਣਿਆ
ਜਿਸ ਦੇ ਮੱਥੇ 'ਤੇ
ਜਗਣ ਦੀ ਉਮੀਦ ਹੋਵੇਗੀ
ਝੁੱਗੀਆਂ 'ਚ ਵੀ
ਕਦੇ ਚਾਨਣ ਵੰਡਣ ਦਾ ਚਾਅ ਹੋਵੇਗਾ ਓਹਦੇ ਪੱਲੇ
ਜਾਂ ਠਰਦੀ ਬੱਚੀ ਦੀ ਲੋਰੀ ਨੂੰ
ਨਿੱਘ ਦੇਣ ਵਾਲਾ ਬਾਪ ਵਰਗਾ ਹੱਥ
ਲੈ ਕੇ ਆਵੇਗਾ-ਲੱਪ ਕੁ ਰਿਸ਼ਮਾਂ ਮੁੱਠੀਆਂ 'ਚ
ਆਸਾਂ ਲੈਣਗੀਆਂ ਜਨਮ
ਮੇਰੇ ਤੇਰੇ ਦਰ ਘਰ 'ਚ
ਸਰਦਲਾਂ ਤੋਂ ਪੂੰਝੇ ਜਾਣਗੇ ਅੱਥਰੂ
ਬੇਗੁਨਾਹ ਕਪਾਹ ਦੀਆਂ ਚਿੱਟੀਆਂ ਫੁੱਟੀਆਂ ਵਰਗੇ
ਰੀਝਾਂ ਘਰ ਆਉਣਗੀਆਂ
ਕਣਕ ਦੇ ਸਿੱਟਿਆਂ ਤੇ ਲਿਖੀਆਂ
ਬੈਠ ਬੈਠ ਝਾਕੀਆਂ ਰਾਤਾਂ ਦੇ
ਤੌਖਲੇ ਸਾਹ ਲੈਣਗੇ ਪਲ ਭਰ
ਆਨੀ ਬਹਾਨੀ ਖੂੰਝੇ
ਕੌਲ਼ਿਆਂ ਦੇ ਅੰਗ ਸੰਗ ਲੱਗ ਕੇ
ਕੋਈ ਹੰਝੂ ਨਹੀਂ ਗੁਆਏਗੀ ਦੁਪਹਿਰ
ਲੁਕ-ਲੁਕ ਨਹੀਂ ਡੁਸਕੇਗੀ ਵੰਗਾਂ ਦੀ ਛਣਕਾਰ
ਮਹਿੰਦੀ ਦਾ ਤਰਲਾ
ਤੇ ਨਵੀਂ ਰੰਗਾਈ ਧੁੱਪ ਦਾ ਉੱਡਦਾ ਚਾਅ
ਪਹਾੜਾਂ ਜਿੱਡੇ ਜਿੱਡੇ
ਦਿਨ ਵੀ ਕਿਹੜੇ ਮੁੱਕਦੇ ਨੇ ਅੱਥਰੇ
ਕਿਹੜੇ ਕੱਢੇ ਜਾਂਦੇ ਹਨ
ਦਸੂਤੀ 'ਤੇ ਕਿਰਦੇ ਹੰਝੂ
ਕਿਹੜਾ ਸਾਰ ਲੈਂਦਾ ਹੈ ਤ੍ਰਿੰਝਣਾਂ 'ਚੋਂ
ਉੱਡੀਆਂ ਘੁੱਗੀਆਂ ਤੇ ਚਿੜੀਆਂ ਦੀ
ਕੌਣ ਪੁੱਛਦਾ ਹੈ ਕਿ ਸੜਕ 'ਤੇ
ਕਿੰਜ਼ ਮਰੀ ਚਿੜੀ-ਲਹੂ 'ਚ ਲੱਥ ਪੱਥ ਪਈ ਵਾਰਤਾ
ਕਿਹੜਾ ਰਾਹਾਂ ਦੀ ਧੁੱਦਲ 'ਤੇ
ਨੰਗੇ ਹਾਉਕੇ ਲੈ ਕੇ ਤੁਰਦਾ ਹੈ
ਤੇ ਦਿੰਦਾ ਹੈ ਦਿਲੋਂ ਦਿਲਾਸੇ
ਕਿਹੜਾ ਬਚਾਉਂਦਾ ਹੈ ਸੂਰਜਾਂ ਨੂੰ
ਸਮੁੰਦਰ 'ਚ ਡੁੱਬਣੋਂ
ਅਧੂਰੇ ਜੇਹੇ ਸੁਪਨੇ ਲੈ ਕੇ
ਕਿਹੜਾ ਸੌਂ ਸਕਦਾ ਹੈ
ਭੁੱਖੇ ਪੇਟ 'ਚ ਰੋਟੀ ਦਾ ਗੀਤ ਲੈ ਕੇ
ਕਿਹੜੀ ਗੂੜ੍ਹੀ ਨੀਂਦ ਆਉਂਦੀ ਹੈ
ਤਾਰਿਆਂ ਦੀ ਚਾਨਣੀ ਵਰਗੀ?
ਹੰਝੂਆਂ ਦੇ ਵਾਸਤੇ ਪਾਉਣ ਨਾਲ
ਕਿਹੜਾ ਠਹਿਰ ਜਾਂਦੇ ਨੇ ਜਾਣ ਵਾਲੇ
ਜਦੋਂ ਜਵਾਨ ਦਿਨ
ਮੰਜੇ ਮੱਲ ਲੈਂਦੇ ਹਨ
ਤੇ ਟੁੱਕ ਦੀ ਥਾਂ ਨਸ਼ਿਆਂ ਨੂੰ ਵਿਲਕਦੇ ਹਨ
ਚਾਵਾਂ ਦਾ ਭਰਿਆ ਅੰਬਰ ਕਿਰ ਜਾਂਦਾ ਹੈ ਧਰਤ 'ਤੇ
ਇੰਜ਼ ਜਹਾਨ ਛੱਡ ਤੁਰ ਗਏ ਪੁੱਤਾਂ ਨਾਲ
ਮਾਵਾਂ ਦੇ ਵੀ ਵੱਡੇ ਸ਼ਿਕਵੇ ਹੁੰਦੇ ਹਨ
ਓਦੋਂ ਦੁਨੀਆਂ ਤੇ ਜ਼ਸ਼ਨ ਮਰ ਜਾਂਦੇ ਹਨ
ਜਦੋਂ ਨਵੇਂ ਸੰਧੂਰ ਰੁਲ਼ਦੇ ਹਨ
ਵੰਗਾਂ ਭੱਜਦੀਆਂ ਹਨ ਦੁਹੱਥੜੀਂ
ਦੁਨੀਆਂ ਦੀਆਂ ਕਲੀਆਂ ਮੁਰਝਾ ਜਾਂਦੀਆਂ ਹਨ
ਜ਼ਿੰਦਗੀ ਮਾਂਵਾਂ ਦੇ ਸਹਾਰੇ ਰੁੜ੍ਹਦੀ ਹੈ
ਰੋ ਖਪ ਕੇ ਝੱਲੀ ਰਾਤ ਫਿਰ ਦੁਆ ਦਿੰਦੀ ਕਹਿੰਦੀ ਹੈ
ਪੁੱਤ ਤੇਰਾ ਤਾਂ ਅੱਜ ਜਨਮ ਦਿਨ ਸੀ
ਦੱਸ ਕਿੱਥੇ ਮਨਾਵਾਂ ਚੰਨ ਵੇ?
ਕਬਰਾਂ ਦੇ ਰੁੱਖਾਂ ਹੇਠ
ਕਦੇ ਨਹੀਂ ਕੋਈ ਦੁਨੀਆਂ ਦੀ ਖੁਸ਼ੀ ਨੱਚੀ
ਸਿਵਿਆਂ ਦੇ ਸੇਕ ਕੋਲ
ਕਿਹੜਾ ਬਹਿੰਦਾ ਹੈ ਕਦੇ ਠਰਦੇ ਦਿਨ ਲੈ ਕੇ
ਕਿਹੜਾ ਦੱਸਦਾ ਹੈ ਜਿਗਰ ਦੇ ਦੁੱਖ?
ਲੰਮੀਆਂ ਉਮਰਾਂ
ਕਦੇ ਜਨਾਜ਼ਿਆਂ ਦੇ ਰਾਹਾਂ 'ਚੋਂ ਨਹੀਂ ਲੱਭਦੀਆਂ
ਪਰਨਾਏ ਹੋਏ ਗੀਤ ਨੇੜਿਓਂ ਦੀ ਨਹੀਂ ਲੰਘਦੇ
ਸਮੁੰਦਰ ਬਲ ਪੈਂਦੇ ਹਨ
ਪਰਬਤ ਖੁਰ ਜਾਂਦੇ ਹਨ
ਜਦੋਂ ਪੁੱਤ ਦੀ ਅਰਥੀ
ਬਾਪ ਦੇ ਮੋਢੇ ਤੇ ਨਹੀਂ ਟਿਕਦੀ
ਦੁਨੀਆਂ ਕਮਲੀ ਹੋ ਜਾਂਦੀ ਹੈ
ਓਹਨਾਂ ਪਹਿਰਾਂ ਤੇ ਤੁਰਦੀ
ਓਹਨਾਂ ਸਾਹਾਂ ਦੇ ਸਹਾਰੇ ਉੱਠਦੀ ਬੈਠਦੀ
ਇਹੋ ਜੇਹੇ ਸੂਰਜ ਨੂੰ ਕਦੇ ਕਿਸੇ ਪਿੰਡ ਨਾ ਘੱਲੀਂ
ਇਹੋ ਜੇਹੀਆਂ ਵਗਦੀਆਂ ਲੋਆਂ ਤੋਂ
ਦੁਨੀਆਂ ਭਰ ਦੇ ਬੱਚਿਆਂ ਦੇ ਸੁਪਨਿਆਂ ਨੂੰ ਦੂਰ ਰੱਖੀਂ
ਨਾ ਡੋਬੀਂ ਜਗਦੇ ਪਿੰਡਾਂ ਸ਼ਹਿਰਾਂ ਦਾ ਸੂਰਜ!