ਕੱਲ੍ਹ ਜਿਨ੍ਹਾਂ ਨੂੰ ਜੱਗ ਸੀ ਕਹਿੰਦਾ

ਕੱਲ੍ਹ ਜਿਨ੍ਹਾਂ ਨੂੰ ਜੱਗ ਸੀ ਕਹਿੰਦਾ ਫੁੱਲ ਮੋਤੀ ਅਨਮੋਲ ।

ਅੱਜ ਉਹ ਗੀਤ ਪਿਆਰ ਮੇਰੇ ਦੇ ਹੋ ਗਏ ਡਾਵਾਂਡੋਲ ।

ਵਾਹ ਜ਼ਮਾਨੇ ਸਦਕੇ ਤੇਰੇ ਕੇਹੀਆਂ ਖੇਡਾਂ ਖੇਡੇਂ,

ਇਕਨਾਂ ਦੇ ਘਰ ਭਰਦਾ ਜਾਵੇਂ ਇਕਨਾ ਕੱਖ ਨਾ ਕੋਲ ।

ਸਿਦਕ ਸਦਾਕਤ ਸ਼ਰਮ ਹਿਆ ਤੇ ਹੋਰ ਵੀ ਜੋਹਰ ਕਿੰਨੇ,

ਕਿਉਂ ਵਿਰਾਸਤ ਗੁਮ ਹੋ ਗਈ ਏ ਕੌਣ ਕਰੇ ਪੜਚੋਲ ।

ਰੰਗ ਬਰੰਗੇ ਸੱਜਰੇ ਫ਼ੈਸ਼ਨ ਫ਼ਰਜ਼ਾਂ ਵਾਂਗ ਨਿਭਾਵਣ,

ਦੀਨ ਧਰਮ ਦੀ ਗੱਲ ਜੇ ਪੁੱਛੋ ਕਰ ਜਾਂਦੇ ਨੇ ਗੋਲ ।

ਜਿਨਸ ਵਫ਼ਾ ਦੂਜੇ ਦੀ ਜਾਨਣ ਜਿਉਂ ਲਿੱਸੇ ਦਾ ਮਾਲ,

ਪਿਆਰ ਦੇ ਸਿੱਕੇ ਥੋੜੇ ਦਿੰਦੇ ਬਹੁਤਾ ਲੈਂਦੇ ਤੋਲ ।

ਕਦਮ ਕਦਮ ਤੇ ਹੈਣ ਸ਼ਿਕਾਰੀ ਫਾਹੀਆਂ ਲਾਈ ਬੈਠੇ,

ਵੇਖ ਕੇ ਆਪਣੇ ਪਰਛਾਵੇਂ ਨੂੰ ਗਈ ਹਿਆਤੀ ਡੋਲ ।

ਜੋ ਬੀਜੇਗਾ ਵੱਢ ਲਵੇਗਾ 'ਸ਼ਾਕਿਰ' ਸਿਧ ਸਵਾਲ,

ਆਪਣੇ ਐਬਾਂ ਤੇ ਰੱਖ ਨਜ਼ਰਾਂ ਜੱਗ ਦੇ ਐਬ ਨਾ ਫੋਲ ।

📝 ਸੋਧ ਲਈ ਭੇਜੋ