ਸਮੇਂ ਨੂੰ ਕੋਈ ਬੰਨ੍ਹ ਬਹਾਏ 

ਰਾਤ ਦੇ ਪੈਰੀਂ ਸੰਗਲ ਪਾਏ। 

ਸੁੱਝੇ ਕੋਈ ਐਸੀ ਤਦਬੀਰ 

ਯੁੱਗਾਂ ਤੀਕਰ ਕੱਲ੍ਹ ਨਾ ਆਏ।

ਕਲ੍ਹ ਅਜਿਹੀ ਇਕ ਚਟਾਨ 

ਜਿਸਦੇ ਸੰਗ ਮੱਥਾ ਟਕਰਾਣ 

ਮੇਰੀ ਪ੍ਰੀਤ-ਭਰੀ ਜ਼ਿੰਦ ਬੇੜੀ 

ਰਾਤ ਨਦੀ ਨੂੰ ਤਰਦੀ ਜਾਏ।

ਕਲ੍ਹ ਇਕ ਕਲ ਮੂੰਹਾ ਨਾਗ 

ਜੋ ਯੁੱਗਾਂ ਦੀਆਂ ਵਾਟਾਂ ਝਾਗ

ਮੇਰੀ ਜ਼ਿੰਦਗਾਨੀ ਦੇ ਰਾਹ 'ਤੇ

ਬੈਠਾ ਜ਼ਹਿਰੀ ਡੰਗ ਵਿਛਾਏ।

ਕਲ੍ਹ ਇਕ ਹੜ੍ਹ ਚੜ੍ਹਿਆ ਦਰਿਆ

ਜਿਸਦੀ ਬੁੱਕਲ ਕਹਿਰੀ ਢਾਅ

ਕੰਢੇ ਮੇਰੀ ਆਸ ਅਟਾਰੀ

ਕੰਬੇ ਡੋਲੇ ਡਗਮਗਾਏ।

ਕਲ੍ਹ ਧਾੜਵੀ ਕਲ੍ਹ ਇਕ ਚੋਰ

ਲੁੱਟ ਮਚਾਸੀ ਜ਼ੋਰੋ ਜ਼ੋਰ

ਪ੍ਰੀਤਾਂ ਹਥੋਂ ਖ਼ੁਸ਼ੀਆਂ ਖੋਹੇ 

ਬੁੱਕੋ ਬੁੱਕ ਹੰਝੂ ਵਰਤਾਏ।

ਕਲ੍ਹ ਗ਼ਮਾਂ ਦੀ ਹੋਸੀ ਭੀੜ 

ਪ੍ਰੀਤਾਂ ਹੋਸਣ ਪੀੜੋ ਪੀੜ

ਹਾਏ ਕਲ੍ਹ ਕੋਈ ਤੁਰ ਜਾਸੀ 

ਮੇਰੇ ਹੱਥੋਂ ਹੱਥ ਖਿਸਕਾਏ।

ਕੌਣ ਸਮੇਂ ਨੂੰ ਬੰਨ ਬਹਾਏ 

ਰਾਤ ਦੇ ਪੈਰੀਂ ਸੰਗਲ ਪਾਏ 

ਨਹੀਂ ਕੋਈ ਐਸੀ ਤਦਬੀਰ 

ਯੁਗਾਂ ਤੀਕਰ ਕੱਲ੍ਹ ਨਾ ਆਏ।

📝 ਸੋਧ ਲਈ ਭੇਜੋ