ਇਕ ਤੇਰੇ ਬਿਨ
ਕਲ੍ਹ ਮਹਿਫ਼ਲ ਵਿਚ ਹਰ ਛਿਨ
ਕਹੀ ਇੱਕਲ ਛਾਈ ਸੀ
ਖ਼ੂਬ ਜੁੜੀ ਸੀ
ਭੀੜ
ਸ਼ੰਗਾਰੇ ਅਤੇ ਉਭਾਰੇ ਹੋਏ ਤਨਾਂ ਦੀ
ਫਿਰ ਦੀ ਰੂਹ ਦੀ ਤਨਹਾਈ ਸੀ
ਭੁੱਖ ਨਜ਼ਰ ਦੀ
ਕੀ ਨਹੀਂ ਕਰਦੀ
ਸਜੇ ਹੋਏ ਦੀਵਾਨ 'ਚ
ਮੁਸਕਾਣਾਂ ਪੋਚੇ ਮੁੱਖਾਂ ਤੇ
ਪਲ ਨਾ ਟਿਕਦੀ
ਭਟਕ ਰਹੀ ਸੀ
ਇਕ ਭੋਲੇ ਚੁਪ ਚਾਪ ਜਹੇ ਚਿਹਰੇ ਦੀ
ਘਾਟ ਇਸ ਤਰ੍ਹਾਂ ਖਟਕ ਰਹੀ ਸੀ
ਚੌਕੇ ਰਲਿਆ ਹਰ ਹੁੰਗਾਰਾ
ਹੂੰਗਾ ਹੋ ਕੇ ਰਹਿ ਜਾਂਦਾ ਸੀ
ਰੰਗ ਰੂਪ
ਆਵਾਜ਼ਾਂ ਅਤੇ ਸੁਗੰਧਾਂ ਦੀ ਰੌਣਕ ਵਿਚ
ਇੰਜ ਉਦਾਸੀ
ਸੁੰਨਸਾਨ ਹੋ ਵਰਤ ਰਹੀ ਸੀ
ਵੱਖ ਵੱਖ ਬੋਲ
ਜਿਵੇਂ ਮੇਰੇ ਹੀ ਇਕਲਾਪੇ ਦੀ
ਹੂਕ
ਕਿਸੇ ਭਾਂ ਭਾਂ ਕਰਦੇ
ਗੁੰਬਦ ਚੋਂ ਹੋ ਕੇ ਪਰਤ ਰਹੀ ਸੀ
ਰੌਲਾ ਰੱਪਾ
ਹੋ ਕੇ ਰਹਿ ਗਈ
ਰੌਣਕ ਸਾਰੀ
ਕਲ੍ਹ ਤੇਰੇ ਬਿਨ
ਦਿਲ ਨੂੰ ਚੀਰ ਕੇ ਲੰਘਿਆ ਹਰ ਛਿਨ।