ਕੱਲ ਤੂੰ ਆਈ

ਆਪਣਾ ਆਪ ਸਾਰਾ ਕੁੱਝ 

ਬਾਂਹਾਂ ਲੈ ਕੇ

ਮੇਰੇ ਜਨਮ ਦਿਨ ਤੇ 

ਫੁੱਲਾਂ ਦਾ ਗੁਲਦਸਤਾ 

ਤੇਰੀਆਂ ਖੁਸ਼ਬੂਆਂ ਨਾਲ ਲੱਦਿਆ ਮਹਿਕਦਾ ਖਿੜਿਆ 

ਪਹਿਲਾਂ ਅੱਗੇ ਹੋ ਕੇ ਮਿਲਿਆ 

ਦੋਸਤਾਂ ਨੇ ਵੀ ਏਦਾਂ ਹੀ 

ਦਿਲੋਂ ਸ਼ੁਭ ਕਾਮਨਾਵਾਂ ਦੀ ਵਾਛੜ ਲਾਈ 

ਜਿਵੇਂ ਮੈਂ ਇਕ ਵਾਰ ਮਾਸੀ ਦੇ ਪਿੰਡ 

ਬਾਗ਼ ਅੰਬ ਚੂਪਣ ਗਿਆ

ਗੜਿਆਂ ਤੇ ਮੀਂਹ ਦੇ ਛਰਾਟੇ ਕਾਬੂ ਗਿਆ ਸੀ 

ਏਦਾਂ ਆਏ ਤੁਸੀਂ 

ਜਿਵੇਂ ਕੋਈ ਇਕੱਲੀ ਬੈਠੀ ਉਦਾਸ ਕੁੜੀ ਨੂੰ

ਉਹਦਾ ਰਾਂਝਣ ਅਚਾਨਕ ਆ 

ਪਿੱਛਿਓਂ ਦੀ ਅੱਖਾਂ ਬੰਦ ਕਰ ਲਵੇ

ਤੇ ਘੁੱਟ ਗਲਵੱਕੜੀ ਲੈ ਇਕ ਲੰਬਾ ਚੁੰਮਣ ਲਵੇ 

ਜ਼ਿੰਦਗੀ ਦੁਆਰਾ ਪਰਤ ਆਈ ਕੱਲ 

ਤੇਰੇ ਆਉਣ ਨਾਲ

ਵਿਹੜਾ ਭਰ ਗਿਆ ਮਹਿਕਾਂ ਨਾਲ

ਜਦੋਂ ਤੂੰ ਅੰਦਰ ਗੋਰਾ ਛਣਕਦਾ 

ਪਹਿਲਾ ਪੱਬ ਧਰਿਆ

ਗੀਤ ਸੁਣੇ ਰੰਗ ਬਿਰੰਗੇ 

ਚਿਰਾਂ ਬਾਅਦ ਤੇਰੀਆਂ ਬੱਗੀਆਂ ਵੀਣੀਆਂ ਤੋਂ ਵੰਗਾਂ ਦੇ 

ਤੇਰੀ ਬੁੱਲਾਂ ਤੇ ਆਈ ਮੁਸਕਾਨ ਨੇ

ਇੰਝ ਭਰ ਦਿੱਤਾ ਮੈਨੂੰ 

ਜਿਵੇਂ ਖਾਲੀ ਅੰਬਰ ਭਰ ਦੇਣ ਟਿਮਟਿਮਾਉਂਦੇ ਸਿਤਾਰੇ 

ਮੇਲੇ ਜਿਵੇਂ ਗੁਆਚਾ

ਮਹਿਬੂਬ ਮਿਲ ਜਾਵੇ 

ਸੁੰਨਾ ਰਾਹ ਭਰ ਜਾਵੇ ਜਿਵੇਂ 

ਦੁਸਹਿਰਾ ਦੇਖਣ ਜਾਣ ਵਾਲਿਆਂ ਨਾਲ 

ਤੂੰ ਨਾ ਆਉਂਦੀ ਤਾਂ 

ਮੇਰੇ ਫੁੱਲਾਂ ਬੂਟਿਆਂ ਨੇ ਉਡੀਕਦਿਆਂ ਹੀ 

ਮੁਰਝਾ ਜਾਣਾ ਸੀ ਕੱਲ 

ਚਾਅ ਨਹੀਂ ਸੀ ਚੜ੍ਹਨੇ ਮੇਰੇ ਘਰ ਨੂੰ

ਦੇਖ ਕੱਲ ਪੰਛੀ ਵੀ ਗਏ ਨਿਮਾਣੇ

ਮੇਰੇ ਬਨੇਰੇ ਤੇ 

ਗੀਤ ਗਾਉਂਦੇ ਨਾ ਥੱਕਣ 

ਤੇਰੇ ਆਉਣ ਨਾਲ ਇਹ ਭਾਣਾ ਵਾਪਰਿਆ 

ਤੂੰ ਨੱਕੋ ਨੱਕ ਭਰ ਦਿੱਤਾ

ਮੇਰੇ ਸਾਹਾਂ ਨੂੰ ਆਪਣੇ ਜਿਸਮ ਦੀਆਂ ਸੁਗੰਧੀਆਂ ਨਾਲ 

ਪੌਣ ਵੀ ਚੰਦਰੀ ਕੱਲ ਆਈ

ਤੇਰੇ ਨਾਲ ਬੂਹਾ 'ਤੇ 

ਇੰਝ ਨੱਚਿਆ ਮੈਂ ਕੱਲ੍ਹ

ਜਿਵੇਂ ਰੋਂਦਾ ਬੱਚਾ 

ਨਵੇਂ ਖਿਲੌਣੇ ਮਿਲ ਜਾਣ ਤੇ ਹਸਦਾ ਨੱਚਦਾ ਟੱਪਦਾ ਹੈ 

ਕੱਲ੍ਹ ਜਨਮ ਦਿਨ ਤੇ

ਕੁਝ ਏਸੇ ਤਰ੍ਹਾਂ ਦਾ ਹੀ ਹੋਇਆ

ਮੇਰੇ ਨਾਲ ਤੇਰੇ ਆਉਣ ਤੇ

📝 ਸੋਧ ਲਈ ਭੇਜੋ