ਵਾਯੂ ਮੰਡਲ ਵਿਚ ਭਰੇ ਨੇ
ਧੂੰਆਂ, ਬਦਬੂ, ਮਿੱਟੀ ਘੱਟਾ
ਹੋਠ ਤਰੇੜੇ, ਦਮ ਘੁਟਦਾ ਹੈ।
ਦਿਹੁੰ ਦਾ ਚਾਨਣ ਫਿੱਕਾ ਫਿੱਕਾ
ਜੰਮਦੇ ਸਾਰ ਮਰਨ ਖੁਸ਼ਬੋਆਂ
ਹਰ ਫੁੱਲ ਦਾ ਅੰਗ ਅੰਗ ਟੁੱਟਦਾ ਹੈ।
ਤਲਖ਼ ਜਿਹੇ ਇਸ ਵਰਤਮਾਨ ਵਿਚ
ਕਿਸੇ ਪੈਗ਼ੰਬਰ ਦੇ ਆਵਣ ਤਕ
ਅਸੀਂ ਮੁਲਤਵੀ ਕਰ ਨਹੀਂ ਸਕਦੇ
ਹੱਸ ਕੇ ਤੇ ਜੀਅ ਭਰ ਕੇ ਜੀਣਾ
ਜੂਝ ਰਹੀ ਜ਼ਿੰਦਗੀ ਨੂੰ ਗਾਉਣਾ।
ਚੁੱਕੀਏ ਆਪਣੇ ਆਪਣੇ ਸ਼ਸਤਰ
ਅੱਜ ਦੀ ਮੁਕਤੀ ਖ਼ਾਤਰ ਲੜੀਏ।
ਕੱਲ੍ਹ ਨੂੰ ਹੋਵਣ ਵਾਲੀ ਜਿੱਤ ਦਾ
ਇਕ ਵਿਸ਼ਵਾਸ ਹਿੱਕਾਂ ਵਿੱਚ ਭਰੀਏ।
ਕੱਲ੍ਹ ਸੁਬ੍ਹ ਜੋ ਸੂਰਜ ਚੜ੍ਹਨਾ,ਉਹ ਸਾਡਾ ਹੈ।
ਕੱਲ੍ਹ ਦੇ ਦਿਨ ਜੋ ਫੁੱਲ ਹਨ ਖਿੜਨੇ, ਉਹ ਸਾਡੇ ਨੇ।
ਕੱਲ੍ਹ ਜੋ ਪੌਣੀਂ ਮਹਿਕ ਰੁਮਕਣੀ, ਉਹ ਸਾਡੀ ਹੈ।
ਕੱਲ੍ਹ ਜੋ ਸਾਹੀਂ ਗੀਤ ਜਾਗਣਾ, ਉਹ ਸਾਡਾ ਹੈ।