ਕੱਲਰੇ ਮੈਦਾਨ
ਏਥੇ ਕਿਨ ਵਿਛਾਏ ਹਨ ?
ਕੌਣ ਇਨ੍ਹਾਂ ਨੂੰ ਪਾ ਕੇ ਸੁੱਕਣੇ ਇਕ ਵਾਰ
ਭੁੱਲ ਗਿਆ ਕਿ ਇਹ ਵੀ ਕੁਝ ਹਨ ?
ਨਾ ਹਰਿਆ ਘਾਹ, ਨਾ ਸੁੱਕੇ ਕੰਡਿਆਂ ਦੇ ਝਾੜ
ਇਹ ਦੱਦਰੇ ਪਿੰਡੇ
ਇਨ੍ਹਾਂ 'ਤੇ ਨਾ ਕੋਈ ਜ਼ਖ਼ਮ, ਨਾ ਜ਼ਖ਼ਮ ਦੀ ਦਾਸਤਾਨ
ਕਿ ਜਿਸ ਦੀ ਛਾਵੇਂ ਬੈਠ ਜਾਈਏ
ਕੋਈ ਬੂਝਾ ਨਹੀਂ
ਕਿ ਟਪਰੀਵਾਸ ਬਾਲ ਕੇ ਰਾਤ ਭਰ ਠਾਰ ਹੀ ਭੰਨ ਲੈਣ
ਤਾਂ ਵੀ
ਏਸ ਬੰਜਰ ਦੇ ਦੁਆਲੇ ਵਾੜ ਕਿਉਂ ਹੈ ?