ਚੂਪ ਨੀ ਕਲਮੇਂ ਮੇਰੀਏ ਰਸ ਦੀ ਪੋਰੀ ਚੂਪ
ਸਤਿਗੁਰ ਚਰਨੀਂ ਬੈਠ ਕੇ ਖੇਡਾਂ ਖੇਡ ਅਨੂਪ
ਖੋਲ੍ਹ ਨੀ ਕਲਮੀਂ ਮੇਰੀਏ ਮਨ ਦੀ ਘੁੰਡੀ ਖੋਲ੍ਹ
ਡੋਲ੍ਹ ਨੀ ਕਲਮੇਂ ਮੇਰੀਏ ਦਿਲ ਦੀ ਰੰਗਤ ਡੋਲ੍ਹ
ਪਹਿਣ ਨੀ ਕਲਮੇਂ ਮੇਰੀਏ ਨੂਰੀ ਕੋਈ ਲਿਬਾਸ
ਦਸਮ ਦਵਾਰੇ ਚਾੜ੍ਹ ਲੈ ਆਪਣੇ ਸਾਸ ਸਵਾਸ
ਗਾ ਨੀ ਕਲਮੇਂ ਮੇਰੀਏ ਅਣਗਾਇਆ ਕੋਈ ਗੀਤ
ਛੋਹ ਨੀ ਕਲਮੇਂ ਮੇਰੀਏ ਅਣਛੋਹਿਆ ਸੰਗੀਤ
ਬੋਲ ਨੀ ਕਲਮੇਂ ਮੇਰੀਏ ਕੀ ਮੰਗਣੀ ਏਂ ਹੋਰ
ਵੱਸ ਗਿਆ ਹੈ ਸੱਸੀਏ ਤੇਰਾ ਸ਼ਹਿਰ ਭੰਭੋਰ
ਰਾਮ ਕਥਾ ਜੁਗ ਜੁਗ ਅਟੱਲ ਬੋਲ ਰਹੀ ਰਾਮਾਇਣ
ਲਿਖ ਦੇ ਗੁਰੂ ਗੋਬਿੰਦ ਦੀ ਤੂੰ ਵੀ ਗੋਬਿੰਦਾਇਣ ।