ਕਲਪਨਾ ਦੇ ਘਰ ਚ ਤੇਰਾ ਨਾਮ ਹੀ

ਕਲਪਨਾ ਦੇ ਘਰ ਚ ਤੇਰਾ ਨਾਮ ਹੀ ।

ਗੂੰਜਦਾ ਰਹਿੰਦਾ ਸਵੇਰੇ ਸ਼ਾਮ ਹੀ ।

ਨਾਮ‌ ਤੇਰੇ ਤੇ ਬਣਾਏ ਕਾਫੀਏ,

ਤੇ ਗ਼ਜ਼ਲ ਤੈਨੂੰ ਕਰੇ ਪਰਨਾਮ ਹੀ ।

ਤੇਰਿਆਂ ਖਾਬਾਂ ਚ ਆਉਣਾ ਖਾਸ ਬਣ,

ਮੈਂ ਨਹੀਂ ਰਹਿਣਾ ਸਦਾ ਲਈ ਆਮ ਹੀ ‌।

ਮੈਂ ਕਿਓਂ ਮੈਅਖਾਨਿਆਂ ਵਿਚ ਭਟਕਣਾ,

ਤੇਰਿਆਂ ਨੈਣਾਂ ਚੋਂ ਮਿਲ ਗਏ ਜਾਮ ਹੀ ‌।

ਮੈਂ ਮੁਸਾਫ਼ਿਰ ਚੱਲ ਆਇਆ ਦੂਰ ਤੋਂ, 

ਚੰਦ ਘੜੀਆਂ ਕਰ ਲਵਾਂ ਆਰਾਮ ਹੀ ?

ਲੋਕ ਆਖਣਗੇ ਸ਼ਰਾਬੀ ਮੰਨਿਆ, 

ਸਾਕੀਆ ਤੂੰ ਵੀ ਧਰੇਂ ਇਲਜ਼ਾਮ ਹੀ ।

ਮੇਰਿਆਂ ਹੋਠਾਂ ਨੂੰ ਵਿਸਰੇ ਗੀਤ ਨੇ,

ਮੂੰਹ ਤੇ ਚੜਿਆ ਬੱਸ ਤੇਰਾ ਨਾਮ ਹੀ ‌।

📝 ਸੋਧ ਲਈ ਭੇਜੋ