ਗਿਆਨ ਉਜਾਲ਼ਾ ਮਿੱਟਦਾ ਜਾਵੇ
ਚਾਰੇ ਪਾਸੇ ਕਾਲਖ ਛਾਈ ।।
ਪਾਪਾਂ ਦਾ ਰੁੱਖ ਫਲਦਾ ਜਾਵੇ
ਮਿਟਦੀ ਜਾਈ ਸਚਾਈ ।।
ਸਾਧੂ ਸੰਤ ਉਪਦੇਸ਼ ਦੇਵਣ
ਅੰਦਰ ਭਰੀ ਬੁਰਾਈ ।।
ਚੋਰ ਲੁਟੇਰੇ ਸੰਤ ਬਣ
ਪਾਪ ਦੀ ਲੱਗੇ ਕਰਨ ਸਫ਼ਾਈ।।
ਮੋਹ ਮਾਇਆ ਨੇ ਜਾਲ਼ ਫੈਲਾਇਆ
ਹਰ ਇਕ ਦੀ ਹੈ ਸੁੱਧ ਭੁਲਾਈ ।।
ਕਾਮ ਕ੍ਰੋਧ ਨੇ ਰੰਗ ਦਿਖਾਇਆ
ਘਰ ਘਰ ਵਿਚ ਹੋਈ ਲੜਾਈ ।।
ਬੋਟੀ ਬੋਟੀ ਕਰ ਮਾਂ ਨੂੰ ਵੰਡਿਆ
ਭੈਣ ਨੂੰ ਭੈਣ ਸਮਝੇ ਨਾ ਭਾਈ ।।
ਮਾਂ ਤਾਂ ਵੰਡੀ ਰੱਬ ਵੀ ਵੰਡਿਆ
ਮਜ਼ਹਬ 'ਚ ਵੰਡੇ ਭਾਈ ਭਾਈ ।।
ਮਾਂ ਬਾਪ ਪਏ ਦੁੱਖ 'ਚ ਤੜਫ਼ੇ
ਬੈਠੇ ਪੁੱਤਰ ਦੀ ਆਸ ਲਗਾਈ ।।
ਆਸ ਸਵਾਸ਼ ਜਦ ਸਭ ਕੁੱਝ ਮੁੱਕੇ
ਹੁਣ ਕਿਉਂ ਰੋ ਰੋ ਕਰੇ ਦੁਹਾਈ ।।
ਪਾਪ ਦੇ ਰੰਗ ਸਾਰੇ ਰੰਗੇ
ਸੱਚ ਦੀ ਬੈਠੇ ਰਾਹ ਭੁਲਾਈ ।।
ਸੱਚੇ ਫਿਰਦੇ ਭੁੱਖੇ ਨੰਗੇ
ਚੋਰ ਖਾਵਣ ਮਲਾਈ ।।
ਔਖੇ ਵੇਲੇ ਸਾਥ ਨਾ ਤੁਰਿਆ
ਉਂਝ ਪਿਆਰ ਦੀ ਦੇਵੇ ਦੁਹਾਈ ।।
ਭੁੱਖੇ ਨੰਗੇ ਨੂੰ ਦਾਨ ਨਾ ਕਰਿਆ
ਅਮੀਰਾਂ ਜਾਵੇ ਮਾਸ ਖੁਆਈ ।।
ਰੁੱਖੀ ਖਾ ਖਾ ਭੁੱਖ ਮਿਟਦੀ
ਫਿੱਕੀ ਲੱਗੇ ਮਹਿੰਗੀ ਮਿਠਾਈ ।।
ਸ਼ੌਕ ਗਰੀਬਾਂ ਮਹਿੰਗਾਈ ਲੁੱਟਗੀ
ਜਾਵੇ ਵੱਕਤ ਨੂੰ ਧੱਕਾ ਲਾਈ ।।
ਸੁਰ ਤਾਲ ਦਾ ਗਿਆਨ ਨਾ ਕੋਈ
ਗਲਾ ਫਾੜ ਜਾਵੇ ਰੌਲ਼ਾ ਪਾਈ ।।
ਦੇਖ ਨੰਗੇਜ ਸੋਚੇ ਨਾ ਕੋਈ
ਨਵੀ ਪੀੜ੍ਹੀ ਲਈ ਇਹ ਵਧਾਈ ।।