ਕੰਬਦੇ ਵਣਾਂ ਦੇ ਕਹਿਰ ਨੇ ਡਾਢੇ

ਲੰਘ ਰਹੇ ਮੇਰੇ ਹੀ ਜਾਡੇ।

ਸੁੰਨੀਆਂ ਬਾਰਾਂ ਵਿਚ ਦੁਰਾਡੇ 

ਪਾਣੀ ਪੀਣ ਮਿਰਗ ਔਹ ਸਾਡੇ।

ਨੂਰ ਮਹਿਲ ਦੀ ਢੋਕ ਬਾਬਾਣੀ 

ਕੰਢੇ ਨਹਿਰ ਉਡੀਕਣ ਹਾਣੀ।

ਜਾਣੇ ਬ੍ਰਿਹਾ ਦੀ ਢਾਣੀ 

ਇਹ ਤਾਂ ਮਿਰੇ ਹੀ ਪੀਤੇ ਪਾਣੀ। 

ਥਰਕ ਪਵੇ ਝੁੰਮਰ ਦੇ ਕੰਨੀਂ

ਚੰਨ ਦੇ ਨਾਲ ਖੇਡਦੇ ਕੰਮੀ।

ਚੌਦਾਂ ਤਬਕ ਦੇਣ ਕਿਉਂ ਸੱਦਾਂ

ਇਹ ਤਾਂ ਬੋਲ ਮਿਰੇ ਦੀਆਂ ਹੱਦਾਂ। 

ਢੋਕ ਮਿਰੀ ਵਿਚ ਮਿਰੇ ਇਸ਼ਾਰੇ 

ਚਮਕਾਂ ਮਾਰ ਗਿਣਨ ਪਏ ਤਾਰੇ।

ਦਿਸੀਆਂ ਜਾਨ ਮੇਰੀ ਦੇ ਪਾਰਾਂ 

ਜੋ ਕਦੇ ਮਿਲੀਆਂ ਵਿਚ ਬਾਰਾਂ।

ਚੁੱਲ੍ਹਿਆਂ ਕੋਲ ਸੋਹਣੀਆਂ ਨਾਰਾਂ 

ਅੱਗ ਉੱਤੇ ਝੁਕੀਆਂ ਗੁਲਜ਼ਾਰਾਂ !

ਪੀਂਘ ਪੁਰਾਣੀ ਨਵੀਆਂ ਢੋਕਾਂ, 

ਕੌਣ ਮਾਰਦਾ ਲੁਕ ਲੁਕ ਚੋਕਾਂ ?

ਮਾਂ ਦੇ ਨੈਣ ਵੱਸਣ ਉਸ ਪਾਸੇ 

ਤੇ ਭੈਣਾਂ ਦੇ ਭੁੱਲੇ ਹਾਸੇ। 

ਜਾਨ ਮਹੀਨ ਮਿਰੀ ਦੀਆਂ ਤਾਰਾਂ 

ਤ੍ਰਿੰਞਣ ਭਰੇ ਕੱਤਣ ਮੁਟਿਆਰਾਂ।

ਕੌਲ ਕਿਸੇ ਫ਼ਰਿਹਾਦ ਦੇ ਸੁੱਤੇ 

ਚਿਰਾਂ ਤੋਂ ਬਾਂਝ ਪਰਬਤਾਂ ਉੱਤੇ। 

ਜਾਗ ਪੈਣ ਜਿਉਂ ਇੱਕੋ ਵਾਰੀ 

ਧੂਹ ਪਵੇ ਧਰਤੀ ਨੂੰ ਭਾਰੀ। 

ਘਾਹ ਬਿਰਖ ਮੂਰਛਾ ਖਾਵਣ 

ਵਰ੍ਹੇ ਜਦ ਤਕ ਸਿੱਕ ਦੇ ਸਾਵਨ।

ਮਾਰੀ ਇੰਞ ਕਹਿਰ ਵਿਚ ਕਾਨੀ 

ਨੂਰ ਮਹਿਲ ਦੀ ਦੀਦ ਲਾਸਾਨੀ।

ਕਾਂਗ ਚੜ੍ਹੀ ਬ੍ਰਿਹਾ ਦੀ ਭਾਰੀ 

ਡੋਬ ਦਿੱਤੀ ਸਮਿਆਂ ਦੀ ਤਾਰੀ। 

ਜ਼ੋਰ ਖਾਇ ਪਾਟੇ ਬਲ ਖ਼ੂਨੀ 

ਨੂਹ-ਕੱਪਰ ਵਿਚ ਫਸੇ ਜਨੂੰਨੀ। 

ਬਾਲਪਨ ਖੜ੍ਹ ਢੋਕਾਂ ਉਹਲੇ 

ਖ਼ੂਨੀ ਨਦੀ 'ਚ ਸੁੱਟੇ ਚੋਲੇ।

ਨੂਰ ਮਹਿਲ ਵਲ ਮੈਂ ਵੀ ਚੱਲਾਂ 

ਬੇਲੀਂ ਵੱਸਣ ਝੁੰਮਰ ਦੀਆਂ ਛੱਲਾਂ।

ਨ੍ਹੇਰ-ਘੁਲੇ ਚਾਨਣ ਦੇ ਤੀਰਾਂ 

ਬੇਖ਼ਬਰੀ ਵਿਚ ਜਾਣ ਵਹੀਰਾਂ। 

ਬੂਹੇ ਖੋਲ੍ਹਣ ਵਿਛੜੀਆਂ ਬਾਰਾਂ 

ਮੈਂ ਤੱਕੇ ਸਿੰਧ ਪਾਰ ਪਹਾੜਾਂ

ਮਨ ਨਿਰਲੇਪ ਗਗਨ ਦੇ ਵਾਸੀ

ਤਿੰਨ ਨੂਰ-ਪੋਸ਼ ਬਨਬਾਸੀ। 

ਵਿਚ ਸਫ਼ੈਦ ਚਾਨਣੀ ਜਾਣੀ 

ਪੀਣ ਆਏ ਧਰਤੀ ਦੇ ਪਾਣੀ; 

ਮੁੱਢ ਕਦੀਮ ਧਰਤ ਦੇ ਜੇਰੇ 

ਦੇਣ ਅਸੀਸ ਆਏ ਵੱਲ ਮੇਰੇ; 

ਦੇਵਣ ਅਜਬ ਅਬੋਲ ਇਸ਼ਾਰੇ

ਝਿੰਮ ਝਿੰਮ ਤਾਰੇ ਦੇਣ ਹੁੰਗਾਰੇ;

ਰੋ ਮੈਂ ਤੱਕਿਆ ਅੰਬਰ ਤਾਣੀ, 

ਸੀ ਕਿਸਦੀ ? 'ਵਾਜ ਪਛਾਣੀ :

“ਬੀਬਾ ਲੰਘ ਅੱਥਰੇ ਪਾਣੀ 

ਸੁਣਨੀ ਕਿਸੇ ਵਾਜ ਅੰਞਾਣੀ।

“ਢੋਕੀਂ ਅਜੇ ਟੋਲ ਬੇਲੀ

ਬਾਲਪਨੇ ਦੀ ਜਿੰਦ ਨਵੇਲੀ।

“ਮੋਹ ਮਸਤੂਰ ਖ਼ਾਕ ਵਿਚ ਜਿਹੜੇ 

ਅਜੇ ਬਣੇ ਚਾਨਣ ਤੇਰੇ।

“ਵਗਦੇ ਪਾਣੀਆਂ ਵਿਚ ਪੁਰਾਣੇ 

ਅਜੇ ਤੂੰ ਮਾਂ ਦੇ ਬੋਲ ਜਾਣੇ।

“ਧਰਤ ਦੀ ਸਿੱਕ ਨੂੰ ਮਿਲੇ ਹਾਲੇ 

ਵਲੀ ਪੀਰ ਅਵਤਾਰ ਨਿਰਾਲੇ।

“ਸੁੱਕੇ ਬਾਗ਼ ਅੱਥਰੂ ਕੇਰੇ 

ਅਜੇ ਵੇਖੇ ਮਾਂ ਦੇ ਜੇਰੇ।

“ਰਾਹ ਅੱਕਾਂ ਦੇ ਕਾਫ਼ਲੇ ਰੋਏ 

ਬਾਲਪਨੇ ਦੀ ਜੂਹ ਵਿਚ ਖੋਏ।

“ਨਾਂਹ ਤੈਂ ਹੰਝ ਉਹ ਦਿਹੁੰ ਖਲੋਏ 

ਸੁੰਞੇ ਸ਼ਹਿਰ ਜਦੋਂ ਸੀ ਹੋਏ।

“ਸੁੰਞੇ ਸ਼ਹਿਰ ਨੂੰ ਵਗੀਆਂ 'ਵਾਵਾਂ 

ਤੇਰੇ ਸਾਹ ਵਿਚ ਨਹੀਂ ਦੁਆਵਾਂ।

“ਕੌਲ ਨੇ ਤੇਰੇ ਅਜੇ ਅਧੂਰੇ

ਦਰਸ ਪੀਰ ਫ਼ਕੀਰ ਦੇ ਪੂਰੇ।

“ਅਜੇ ਏਥੇ ਹੱਕ ਜਤਾਵੀਂ

ਬੀਬਾ ਨੂਰ ਮਹਿਲ ਜਾਵੀਂ।”

📝 ਸੋਧ ਲਈ ਭੇਜੋ