ਕਮੀਨਗੀ ਲੁਕਾਉਣ ਲਈ

ਕਮੀਨਗੀ ਲੁਕਾਉਣ ਲਈ ਸੌ-ਸੌ ਪਰਦੇ ਕੱਜ ਲੈਂਦੇ ਨੇ,

ਅਸਲੀਅਤ ਸਮਝ ਲਿਉ ਨੇਤਾਵਾਂ ਨੂੰ ਜਿਤਾਉਣ ਤੋਂ ਪਹਿਲਾਂ।

ਇਹ ਜੰਗ-ਜਨਰੇਸਨ ਤੇ ਆਪਣਾ ਖੂਬ ਪ੍ਰਭਾਵ ਪਾਉਂਦੇ ਨੇ,

ਗਾਇਕੋ ਜਰਾ ਸੋਚ ਲਿਆ ਕਰੋ ਕੋਈ ਗੀਤ ਗਾਉਣ ਤੋਂ ਪਹਿਲਾਂ।

ਨਾ ਸੱਜਣ ਜੀ ਘਬਰਾਉ ਨਾ ਗਮਾਂ ਦੇ ਲੰਮੇ ਕਾਫਲਿਆਂ ਤੋਂ,

ਜੇਠ, ਹਾੜ ਵੀ ਤਾਂ ਆਉਂਦੇ ਨੇ ਠੰਡੇ ਮਹੀਨੇ ਸਾਉਣ ਤੋਂ ਪਹਿਲਾਂ।

ਆਪਣੀ ਹਸਤੀ ਬਾਰੇ ਵੀ ਕਦੇ ਦੋ ਪਲ ਬੈਠ ਕੇ ਸੋਚ ਜਰਾ,

ਵੇ ਬੰਦਿਆ, ਬੰਦਿਆਂ ਨੂੰ ਮਿੱਟੀ ਵਿੱਚ ਮਿਲਾਉਣ ਤੋਂ ਪਹਿਲਾਂ।

ਜੇ ਘੁੰਮਣਾ ਚਾਹੁੰਦੇ ਹੋ ਜੰਨਤ ਦੀ ਦੁਨੀਆਂ ਵਿੱਚ ਦੋਸਤੋ,

ਆਪਣੀ 'ਮੈਂ' ਨੂੰ ਮਾਰ ਲਿਉ ਖੁਦ ਨੂੰ ਮਿਟਾਉਣ ਤੋਂ ਪਹਿਲਾਂ।

ਫਿਰ ਐਵੇਂ ਸਾਰੀ ਉਮਰ ਇਕੱਲੇ ਬਹਿ ਬਹਿ ਪਛਤਾਵੋਗੇ,

ਸਿੱਧੂ' ਅਜਮਾ ਲਿਉ ਦਿਲਵਰ ਨੂੰ, ਦਿਲ ਲੁਟਾਉਣ ਤੋਂ ਪਹਿਲਾਂ।

📝 ਸੋਧ ਲਈ ਭੇਜੋ