ਸਾਰਾ ਦਿਨ ਕਾਂ-ਅੱਖ ਨਿਕਲੀ ਸੀ 

ਉਸ ਦਿਨ ਧੁੱਪ ਕੜਾਕੇ ਕੱਢਦੀ

ਰੋਜ਼ ਦੀਆਂ ਧੁੱਪਾਂ ਤੋਂ ਕਿੰਨੀ ਵੱਖ ਨਿਕਲੀ ਸੀ 

ਵੱਟ ਚੜ੍ਹਿਆ ਸੀ ਦਿਨ ਭਰ ਦਿਲ ਨੂੰ 

ਵਿਹਲੀ ਬੈਠੀ ਖਿਝੀ ਪਈ ਸਾਂ

ਸ਼ਾਮ ਪਈ ਤਾਂ

ਰੰਗ ਲੱਗਾ ਸੀ ਕੁਝ ਮਹਿਫ਼ਲ ਨੂੰ।

ਸੂਰਜ ਡੁੱਬਣ ਵੇਲੇ 

ਪਰਬਤ ਵੱਲੋਂ

ਸੰਘਣੀ ਕਾਲੀ ਘਟ ਦੇ ਅੱਗੇ

ਉੱਡਦੇ ਆਏ ਬਗਲੇ ਬੱਗੇ।

ਪਤਾ ਨਹੀਂ ਕਿਥੋਂ ਰਾਹ ਭੁੱਲਾ

ਵੜਿਆ ਉਹ 

ਮੁਸਕਾਂਦਾ ਖ਼ੁਸ਼ਬੋ ਫੈਲਾਉਂਦਾ 

ਠੰਢੀ ਨਰਮ ਹਵਾ ਦਾ ਬੁੱਲਾ।

ਠੰਢੇ ਨਿੰਬੂ ਪਾਣੀ ਪਿੱਛੋਂ

ਜਦ ਹੋ ਗਈ ਤਬੀਅਤ ਵੱਲ ਸੀ

ਚਾਰ ਕੁ ਚੁੰਮਣ ਕਿਹੜੀ ਗੱਲ ਸੀ।

ਏਨੀ ਗੱਲ 'ਤੇ

ਸੁਣਿਆ ਹੈ ਹੁਣ

ਫੁੱਲਿਆ ਫਿਰਦਾ ਹੱਕ ਜਤਾਉਂਦਾ 

ਜੀਕਣ ਕੋਈ ਮੱਲ ਮਾਰੀ ਸੀ 

ਜਣੇ ਖਣੇ ਨੂੰ ਆਖ ਸੁਣਾਉਂਦਾ।

📝 ਸੋਧ ਲਈ ਭੇਜੋ