ਕੰਡ ਉੱਤੇ ਹੱਥ ਫੇਰ ਕੇ ਅੰਦਰ ਦੇ ਸਭ ਰੋਗ ਮਿਟਾਏ
ਮਾਏ! ਤੇਰੇ ਵਰਗੇ ਹੱਥ ਹੁਣ ਬੰਦਾ ਕਿਥੋਂ ਲਿਆਏ
ਅੰਦਰੋਂ ਭੱਜਣ ਟੁੱਟਣ ਉੱਤੋਂ ਹੱਸਦੇ ਦੇਣ ਵਖਾਲੀ
ਮਾਏ! ਇਕ ਦੂਜੇ ਨੂੰ ਦੁੱਖ ਨਈਂ ਦਸਦੇ ਤੇਰੇ ਜਾਏ
ਬੁੱਢੇ ਹੋ ਕੇ ਅਕਸਰ ਅਪਣੇ ਮਾਪਿਆਂ ਵਰਗੇ ਲਗਦੇ
ਮਾਪੇ ਅਪਣੇ ਬੱਚਿਆਂ ਅੰਦਰ ਜਿਉਂਦੇ ਜਾਗਦੇ ਆਏ
ਦਰਦਾਂ ਦੀ ਫੁਲਕਾਰੀ ਬਖ਼ਸ਼ੀ ਨਾਲ ਹੀ ਇਹ ਫ਼ਰਮਾਇਆ
ਦਰਦ ਦੇ ਖਾਨਿਆਂ ਪਿੜੀਆਂ ਵਿਚ ਹੀ ਬੰਦਾ ਉਮਰ ਲੰਘਾਏ
ਅੱਲ੍ਹਾ ਦੀ ਮਨਜ਼ੂਰੀ ਮਾਪਿਆਂ ਦੀਆਂ ਦੁਆਵਾਂ ਨਾਲ
ਤੇਰੇ ਬੱਚਿਆਂ ਮਿਹਨਤਾਂ ਮਾਰੀਆਂ ਵੱਡੇ ਮਰਾਤਬੇ ਪਾਏ
ਯੂਸਫ਼ ਸੀ ਪੈਗ਼ੰਬਰ ਜ਼ਾਦਾ ਮੈਂ ਮਾੜਾ ਜਿਹਾ ਜੱਟ
ਮੈਂ ਵਿਕਣ ਨੂੰ ਆਇਆ ਮੈਨੂੰ ਕੌਣ ਖਰੀਦ ਲੈ ਜਾਏ
ਪਿੰਡ ਵਿਚ ਕੋਈ ਮਰੇ ਤੇ ਸੋਗ 'ਚ ਰਲਦੇ ਸਾਰੇ ਲੋਕ
ਸ਼ਹਿਰ 'ਚ ਰਲਦੇ ਨਹੀਂ ਜਨਾਜ਼ੇ ਨਾਲ ਵੀ ਦੋ ਹਮਸਾਏ
ਤਖਲੀਕਾਂ ਦੇ ਸੋਮੇ ਫੁੱਟਣ ਦਰਦ ਫ਼ਿਰਾਕਾਂ ਵਿਚੋਂ
ਅਫ਼ਜ਼ਲ ਅਹਸਨ! ਏਸ ਦੁੱਖ ਤੇ ਬੰਦਾ ਰੋ ਰੋ ਖ਼ੁਸ਼ੀ ਮਨਾਏ