ਕੰਡੇ ਦਾ ਜ਼ਖ਼ਮ

{ਉਸ ਬੰਦੇ ਦੇ ਨਾਂ ਜਿਹਦੇ ਜਨਮ ਤੋਂ ਕੋਈ ਸੰਮਤ ਸ਼ੁਰੂ ਨਹੀਂ ਹੁੰਦਾ}

ਉਹ ਬਹੁਤ ਦੇਰ ਤੱਕ ਜੀਂਦਾ ਰਿਹਾ

ਕਿ ਉਸ ਦਾ ਨਾਂ ਰਹਿ ਸਕੇ,

ਧਰਤੀ ਬਹੁਤ ਵੱਡੀ ਸੀ

ਤੇ ਉਸ ਦਾ ਪਿੰਡ ਬਹੁਤ ਛੋਟਾ

ਉਹ ਸਾਰੀ ਉਮਰ ਇਕੋ ਛੰਨ ਵਿਚ ਸੌਂਦਾ ਰਿਹਾ

ਉਹ ਸਾਰੀ ਉਮਰ ਇਕੋ ਖੇਤ ਵਿਚ ਹੱਗਦਾ ਰਿਹਾ

ਅਤੇ ਚਾਹੁੰਦਾ ਰਿਹਾ

ਕਿ ਉਸ ਦਾ ਨਾਮ ਰਹਿ ਸਕੇ

ਉਸ ਉਮਰ ਭਰ ਬੱਸ ਤਿੰਨ ਹੀ ਆਵਾਜ਼ਾਂ ਸੁਣੀਆਂ

ਇਕ ਕੁੱਕੜ ਦੀ ਬਾਂਗ ਸੀ

ਇਕ ਡੰਗਰਾਂ ਦੇ ਘਰਕਣ ਦੀ ਆਵਾਜ਼

ਤੇ ਇਕ ਆਪਣੇ ਹੀ ਬੁੱਟਾਂ ਵਿਚ ਰੋਟੀ ਪੁਚਾਕਣ ਦੀ।

ਟਿੱਬਆਂ ਦੇ ਰੇਸ਼ਮੀ ਚਾਨਣ ਵਿਚ

ਸੂਰਜ ਦੇ ਅਸਤਣ ਦੀ ਆਵਾਜ਼ ਉਸ ਨੇ ਕਦੇ ਨਹੀਂ ਸੁਣੀ

ਬਹਾਰ ਵਿਚ ਫੁੱਲਾਂ ਦੇ ਚਟਖਣ ਦੀ ਆਵਾਜ਼ ਉਸ ਨੇ ਕਦੀ ਨਹੀਂ ਸੁਣੀ

ਤਾਰਿਆਂ ਨੇ ਕਦੇ ਵੀ ਉਸ ਦੇ ਲਈ ਕੋਈ ਗੀਤ ਨਹੀਂ ਗਾਇਆ

ਉਮਰ ਭਰ ਉਹ ਤਿੰਨ ਹੀ ਰੰਗਾਂ ਤੋਂ ਬੱਸ ਵਾਕਿਫ਼ ਰਿਹਾ

ਇਕ ਰੰਗ ਭੋਇੰ ਦਾ ਸੀ

ਜਿਦ੍ਹਾ ਕਦੇ ਵੀ ਉਹਨੂੰ ਨਾਂ ਨਹੀਂ ਆਇਆ।

ਇਕ ਰੰਗ ਅਸਮਾਨ ਦਾ ਸੀ

ਜਿਦ੍ਹੇ ਬਹੁਤ ਸਾਰੇ ਨਾਂ ਸਨ

ਪਰ ਕੋਈ ਵੀ ਉਹਦੀ ਜੀਭ ਤੇ ਚੜ੍ਹਦਾ ਨਹੀਂ ਸੀ।

ਇਕ ਰੰਗ ਉਹਦੀ ਤੀਵੀਂ ਦੀਆਂ ਗੱਲ੍ਹਾਂ ਦਾ ਸੀ

ਜਿਸ ਦਾ ਕਦੇ ਵੀ ਸੰਗਦਿਆਂ ਉਸ ਨਾਂ ਨਹੀਂ ਲਿਆ।

ਮੂਲੀਆਂ ਉਹ ਜ਼ਿੱਦ ਕੇ ਖਾ ਸਕਦਾ ਸੀ

ਵਧ ਕੇ ਛੱਲੀਆਂ ਚੱਬਣ ਦੀ ਉਸ ਨੇ ਕਈ ਵਾਰ ਜਿੱਤੀ ਸ਼ਰਤ

ਪਰ ਆਪ ਉਹ ਬਿਨ ਸ਼ਰਤ ਹੀ ਖਾਧਾ ਗਿਆ,

ਉਸ ਦੇ ਪੱਕੇ ਹੋਏ ਖ਼ਰਬੂਜ਼ਿਆਂ ਵਰਗੇ ਉਮਰ ਦੇ ਸਾਲ

ਬਿਨਾਂ ਹੀ ਚੀਰਿਆਂ ਨਿਗਲ ਗਏ

ਤੇ ਕੱਚੇ ਦੁੱਧ ਵਰਗੀ ਓਸ ਦੀ ਸੀਰਤ

ਬੜੇ ਸੁਆਦ ਨਾਲ ਪੀਤੀ ਗਈ।

ਉਹਨੂੰ ਕਦੇ ਵੀ ਨਾਂ ਪਤਾ ਲੱਗ ਸਕਿਆ

ਉਹ ਕਿੰਨਾ ਸਿਹਤ ਅਫ਼ਜ਼ਾ ਸੀ

ਅਤੇ ਇਹ ਲਾਲਸਾ ਕਿ ਉਸ ਦਾ ਨਾਮ ਰਹਿ ਸਕੇ

ਡੁੰਮਣੇ ਦੀ ਮੱਖੀ ਵਾਂਗ

ਉਹਦੇ ਪਿੱਛੇ ਰਹੀ ਲੱਗੀ।

ਉਹ ਆਪੇ ਅਪਣਾ ਬੁੱਤ ਬਣ ਗਿਆ

ਪਰ ਉਸ ਦਾ ਬੁੱਤ ਕਦੇ ਵੀ ਜਸ਼ਨ ਨਾ ਬਣਿਆ।

ਉਸ ਦੇ ਘਰ ਤੋਂ ਖੂਹ ਤੱਕ ਰਾਹ

ਅਜੇ ਵੀ ਜੀਊਂਦਾ ਹੈ

ਪਰ ਅਣਗਿਣਤ ਪੈੜਾਂ ਦੇ ਹੇਠ ਦੱਬੀ ਗਈ

ਉਹਦੀ ਪੈੜ ਵਿਚ

ਹਾਲੇ ਵੀ ਇਕ ਕੰਡੇ ਦਾ ਜ਼ਖ਼ਮ ਹਸਦਾ ਹੈ।

ਹਾਲੇ ਵੀ ਇਕ ਕੰਡੇ ਦਾ ਜ਼ਖ਼ਮ ਹਸਦਾ ਹੈ।

📝 ਸੋਧ ਲਈ ਭੇਜੋ