ਕੰਡੇਦਾਰ

ਉਹ ਜਿਹੜਾ ਰੁੱਖ ਤੁਸਾਂ 

ਦਰੋਂ ਘਰੋਂ ਤੋੜ ਕੇ 

ਭੋਰੇ ਵਿਚ ਸੁੱਟਿਆ ਸੀ 

ਸਮਝੇ ਸਾਂ ਮਰਿਆ

ਐਤਕਾਂ ਦੀ ਰੁੱਤੇ ਨਵੇਂ ਕੰਡਿਆਂ ਨਾਲ ਭਰਿਆ ਹੈ

ਵਰਜਿਤ ਸੀ ਹਵਾ ਨੂੰ ਪੱਤਿਆਂ ਚੋਂ ਲੰਘਣਾ

ਪੰਛੀ ਨੂੰ ਮਨ੍ਹਾ ਸੀ

ਟਹਿਣੀ ਤੇ ਬੈਠ ਕੇ ਗਾਉਣਾ ਜਾਂ ਖੰਘਣਾ 

ਉੱਗਣ ਨਹੀਂ ਦਿੱਤਾ ਫੇਰ 

ਜੋ ਪੱਤਾ ਵੀ ਝੜਿਆ ਹੈ

ਫੁੱਲ ਨਹੀਂ ਪੱਤਾ ਨਹੀਂ, ਮਹਿਕ ਪਰ ਕੋਲ ਹੈ 

ਕੰਡੇ ਖਾਮੋਸ਼ ਨੇ

ਇਹ ਵੀ ਕੋਈ ਬੋਲ ਹੈ

ਡਿੱਗਾ ਡਿੱਗਾ ਧਰਤੀ ਤੇ

ਆਪੇ ਉਠ ਖੜਿਆ ਹੈ

ਕੱਲ੍ਹ ਜਦੋਂ

ਕੰਡੇਦਾਰ ਰੁਖ ਬਾਹਰ ਜਾਏਗਾ 

ਖ਼ਲਕਤ ਚੋਂ ਲੰਘੇਗਾ

ਪਿੰਡੇ ਝਰੀਟਦਾ, ਚੀਰਦਾ, ਲੰਗਾਰਦਾ

ਅਪਣੀ ਚੁੱਪ ਬੋਲੀ ਵਿਚ 

ਪਿਆਰਦਾ, ਵੰਗਾਰਦਾ

ਜਿੱਥੇ ਵੀ ਚੁਭੇਗਾ, ਚੀਖ਼ ਬਣ ਜਾਏਗਾ 

ਵਿੱਝੇਗਾ ਦੁਖੇਗਾ

ਜੋ ਕੰਡੇ ਸੰਗ ਅੜਿਆ ਹੈ

ਉਹ ਜਿਹੜਾ ਰੁੱਖ ਤੁਸਾਂ

ਦਰੋਂ ਘਰੋਂ ਤੋੜ ਕੇ

ਭੋਰੇ ਵਿਚ ਸੁੱਟਿਆ ਸੀ 

ਸਮਝੇ ਸਾਂ ਮਰਿਆ ਹੈ

ਐਤਕੀਂ ਦੀ ਰੁੱਤੇ ਨਵੇਂ ਕੰਡਿਆਂ ਨਾਲ ਭਰਿਆ ਹੈ।

📝 ਸੋਧ ਲਈ ਭੇਜੋ