ਕੰਧਾਂ ਦੀ ਛਾਵੇਂ

ਕੰਧਾਂ ਦੀ ਛਾਵੇਂ ਜੰਮੇਂ ਜਾਂ ਜੀਉਂਦੇ ਦੀ 

ਕਿੰਨੀ ਕੁ ਛਾਇਆ

ਜਿੰਨੀ ਕੁ ਕੰਧ ਦੀ ਛਾਇਆ ਪਰਛਾਇਆ

ਦੂਰ ਕਿਤੇ ਜਦ ਬਿਜਲੀ ਡਿਗਦੀ ਏ

ਸਾਡੇ ਤਕ ਉਸ ਦੀ ਖ਼ਬਰ ਈ ਪੁਜਦੀ ਏ

ਸੁਣਦੇ ਆਂ ਗਰਜ

ਦੌੜ ਕੇ ਕੰਧ ਦੇ ਗਲ ਲਗ ਜਾਂਦੇ ਆਂ 

ਸਮਝਦੇ ਆਂ ਕਿਸੇ ਮਾਂ

ਸਾਨੂੰ ਗਲ ਲਾਇਆ

ਕੰਧ ਨਾਲ ਲੱਗਾ ਵੇਖ

ਕੰਧ ਵਾਲਾ ਘੂਰਦਾ

ਸਮਝਦਾ ਏ ਭੁੱਖਾ-ਨੰਗਾ ਸਾਨੂੰ ਸਾਕ ਦੂਰ ਦਾ 

ਕੰਧ-ਪਾੜ ਸੰਨ੍ਹ-ਮਾਰ

ਓਸ ਦੀ ਕੰਧ ਨੂੰ ਬੁਰਕ ਮਾਰ ਜਾਵਾਂਗੇ 

ਕਰਦਾ ਏ ਦੁਰੇ ਦੁਰੇ 

ਹੁੰਦੇ ਆਂ ਉਰੇ ਪਰੇ

ਦੂਰ ਧੁੱਪੇ ਕੰਧ ਦੀ ਛਾਂ ਹਾਂ ਉਡੀਕਦੇ 

ਕਿਸੇ ਦਾ ਡੁਬਣਾ 

ਸਾਡੇ ਲਈ ਠੀਕ ਏ 

ਡੁੱਬਣ ਦੇ ਨੇੜੇ-ਤੇੜੇ

ਛਾਂ ਵਧ ਜਾਂਦੀ ਏ 

ਸਾਡੇ ਤੀਕ ਆਂਦੀ ਏ

ਜਦੋਂ ਕਦੀ ਰਾਤ ਸੰਘਣੀ ਫੈਲ ਜਾਂਦੀ ਏ

ਦੂਰ ਨੇੜੇ ਕੋਈ ਕੰਧ ਨਜ਼ਰ ਨਾ ਆਂਦੀ ਏ 

ਸਭ ਕੁਝ ਬੁਝ ਜਾਂਦਾ ਏ 

ਚੁਪ ਤੋਂ ਬਗ਼ੈਰ

ਓਦੋਂ ਜੀ ਚਾਹੁੰਦਾ ਏ ਇਕ ਚੀਕ ਮਾਰੀਏ

ਕੰਧ ਨੂੰ ਪੁਕਾਰੀਏ

ਜਿਸ ਦੀ ਛਾਂ ਅਸੀਂ ਜੰਮੇਂ ਤੇ ਜੀਵੇ

ਕੰਧਾਂ ਦੀ ਛਾਵੇਂ ਜੰਮੇ ਤੇ ਜੀਵੇ ਦੀ

ਭਲਾ ਜੀਭ ਕਿਹੜੀ

ਕੰਧ ਬੇਜੀਭੀ ਛਾਂ ਬੇਜੀਭੀ

ਕੁਝ ਵੀ ਨਾ ਬੋਲੇ

ਉਹ ਕੀ ਬੋਲੇ ਜੋ ਜੰਮਿਆ ਤੇ ਜੀਵਿਆ

ਕੰਧਾਂ ਤੋਂ ਬਾਹਰ 

ਕੰਧਾਂ ਦੇ ਉਹਲੇ

ਕੰਧਾਂ ਦੀ ਛਾਵੇਂ ਜੰਮੇਂ ਤੇ ਜੀਉਂਦੇ ਦੀ

ਕਿੰਨੀ ਕੁ ਛਾਇਆ

ਜਿੰਨੀ ਕੁ ਕੰਧ ਦੀ ਛਾਇਆ ਪਰਛਾਇਆ

📝 ਸੋਧ ਲਈ ਭੇਜੋ