ਕੰਧਾਂ ਕੋਠੇ ਢੈਅ ਜਾਂਦੇ ਨੇ

ਕੰਧਾਂ ਕੋਠੇ ਢੈਅ ਜਾਂਦੇ ਨੇ, ਆਵੇ ਜਦੋਂ ਭੂਚਾਲ ਕੋਈ ।

ਮੈਂ ਵੀ ਟੋਟੇ ਟੋਟੇ ਹੋਇਆ, ਜਦ ਵੀ ਪਿਆ ਵਬਾਲ ਕੋਈ ।

ਆਪਣੇ ਦੌਰ ਦੇ ਬੰਦਿਆਂ ਕੋਲੋਂ ਐਨਾ ਡਰਦਾ ਰਹਿੰਦਾ ਹਾਂ,

ਆਪਣਾ ਆਪ ਲੁਕਾਵਣ ਦੇ ਲਈ ਲੱਭਦਾ ਫ਼ਿਰਾਂ ਪਤਾਲ ਕੋਈ ।

ਮੈਂ ਤੇ ਆਪੇ ਕੈਦੋਂ ਬਣ ਕੇ, ਰਸਤਾ ਡੱਕ ਖਲੋਤਾ ਹਾਂ,

ਬੇਲੇ ਦੇ ਵਿਚ ਕੀਵੇਂ ਆਵੇ, ਦੱਸ ਖਾਂ ਹੀਰ ਸਿਆਲ ਕੋਈ ।

ਮੇਰੇ ਵੈਰੀ ਹੱਲੇ ਬੋਲਣ, ਹਥਿਆਰਾਂ ਦੀ ਸੰਗਤ ਵਿਚ,

ਮੇਰੇ ਹੱਥ ਨੇ ਉੱਕਾ ਸੱਖਣੇ, ਨਾਂ ਤਲਵਾਰ ਨਾ ਢਾਲ ਕੋਈ ।

ਅਜਲਾਂ ਤੋਂ ਮੈਂ ਇੱਕ ਇੱਕ ਕੋਲੋਂ, ਮੁੜ ਮੁੜ ਪੁੱਛਾਂ ਕੌਣ ਆਂ ਮੈਂ,

ਕੋਈ ਨਾ ਦੱਸੇ, ਫੇਰ ਕਰਾਂ ਮੈਂ, ਕੀਵੇਂ ਹੋਰ ਸਵਾਲ ਕੋਈ ।

ਕਾਲਖ਼ ਭਿੰਨੇ ਜੰਗਲ ਦਾ ਤੂੰ ਇਕ ਬੇਵੱਸਾ ਰਾਹੀ ਏਂ,

ਸੱਪ-ਸਲੂੰਗਾ ਡੰਗ ਨਾ ਜਾਵੇ, 'ਆਰਿਫ਼' ਬਾਲ ਮਸਾਲ ਕੋਈ ।

📝 ਸੋਧ ਲਈ ਭੇਜੋ