ਕੰਧਾਂ ਉਦਾਸ ਹੋਈਆਂ ਵਿਹੜਾ ਉਦਾਸ ਹੋਇਆ।
ਤੇਰੇ ਬਗੈਰ ਘਰ ਕੀ! ਖੇੜਾ ਉਦਾਸ ਹੋਇਆ।
ਸ਼ੀਸ਼ਾ, ਪਲੰਘ, ਬਿਸਤਰ, ਤੂੰ ਜੋ ਪਹਿਨਦਾ ਸੀ ਵਸਤਰ,
ਗਲ਼ ਨਾਲ ਲੱਗ ਕੇ ਰੋਇਆ, ਜਿਹੜਾ ਉਦਾਸ ਹੋਇਆ।
ਰੁੱਖਾਂ ਦੇ ਪੱਤ ਚਿੱਟੇ ਫੁੱਲਾਂ ਦੇ ਰੰਗ ਫਿੱਕੇ,
ਮੌਸਮ ਬਦਲ ਗਿਆ ਹੈ, ਕਿਹੜਾ ਉਦਾਸ ਹੋਇਆ।
ਕੀ ਹੋ ਗਿਆ ਹਵਾ ਨੂੰ, ਕੰਗਣ ਨੇ ਭੰਨ ਸੁੱਟੇ,
ਸੰਧੂਰ ਪੂੰਝ ਦਿੱਤਾ, ਚਿਹਰਾ ਉਦਾਸ ਹੋਇਆ।
ਸੰਗਲ਼ ਖਣਕ ਖਣਕ ਗਏ, ਬੇੜੀ ਛਣਕ ਛਣਕ ਗਈ,
ਲੰਘਿਆ ਕੀਹ ਤੂੰ ਗਲ਼ੀ 'ਚੋਂ ਨ੍ਹੇਰਾ ਉਦਾਸ ਹੋਇਆ।