ਕੰਢਿਆ ਵੇ ! ਖੋਲੀਂ ਗਲਵੱਕੜੀ

ਅਸਾਂ ਭਰ ਲਹਿਰਾਂ ਵਿਚ ਜਾਣਾ

ਪੌਣਾਂ ਦੇ ਪੈਰਾਂ ਵਿਚ ਚੱਕਰ

ਭਾਲਣ ਕਿਵੇਂ ਟਿਕਾਣਾ

ਰਾਹ ਮ੍ਹੋਕਲੇ ਰਿਸ਼ਤੇ ਭੀੜੇ

ਹੁਸੜਿਆ ਹੁਸੜਿਆ ਜੀਅ

ਰਸ ਉਕਤਾਈਆਂ ਬੁਲ੍ਹੀਆਂ ਨੇ

ਕੋਈ ਕੌੜਾਪਨ ਮੂੰਹ ਲਾਣਾ

ਨਿੱਘ ਨਿੰਦਰਾਇਆਂ ਨੈਣਾਂ ਦੀ

ਕੋਈ ਰੋਕ ਸਕੇ ਨਾ ਜਾਗ

ਰੂਪ ਤੇਰੇ ਦੀ ਲੋਰੀ ਨੇ

ਸਾਨੂੰ ਕਦ ਤਕ ਥਪਕ ਸੁਲਾਣਾ !

ਸੁਥਰੇ ਨੀਲੇ ਅੰਬਰਾਂ ਉੱਤੇ

ਕਦ ਤਕ ਟੰਗਿਆਂ ਰਹੀਏ !

ਅਸੀਂ ਤਾਂ ਕਣੀਆਂ ਵੱਸ ਜ਼ਿਮੀ ਤੇ

ਧੂੜ ਧੂੜ ਹੋ ਜਾਣਾ !

ਮਮਤਾ ਦੀ ਗੋਦੀ ਚੋਂ ਤਰੁਟੀਆਂ (ਰੱਬ ਤ੍ਰੋੜੀਆਂ)

ਹੁਣ ਭਾਲਾਂ ਨਾ ਕੋਈ ਛਾਂ,

ਮੂੰਹ ਗੁਆਚੇ ਹੋਏ ਨਾ ਲੱਭਣ

ਧੂੜ ਸਮੇਂ ਦੀ ਛਾਣਾਂ !

ਨਵੇਂ ਮੂੰਹ ਦੇ ਨਵੇਂ ਮੋਹ ਵਿਚ

ਅੰਗ ਅਲਸਾਂਦੇ ਜਾਣ

ਪਲ ਨਵੀਆਂ ਪੱਟੀਆਂ ਦੀ ਕੱਸ ਹੇਠਾਂ

ਰਿਸਦਾ ਜ਼ਖ਼ਮ ਪੁਰਾਣਾ

📝 ਸੋਧ ਲਈ ਭੇਜੋ