ਕੰਡਿਆਲੀ ਥੋਰ੍ਹ

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ

ਉੱਗੀ ਵਿਚ ਉਜਾੜਾਂ ।

ਜਾਂ ਉਡਦੀ ਬਦਲੋਟੀ ਕੋਈ

ਵਰ੍ਹ ਗਈ ਵਿਚ ਪਹਾੜਾਂ ।

ਜਾਂ ਉਹ ਦੀਵਾ ਜਿਹੜਾ ਬਲਦਾ

ਪੀਰਾਂ ਦੀ ਦੇਹਰੀ 'ਤੇ,

ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ

ਸੂਤੀਆਂ ਜਾਵਣ ਨਾੜਾਂ ।

ਜਾਂ ਚੰਬੇ ਦੀ ਡਾਲੀ ਕੋਈ

ਜੋ ਬਾਲਣ ਬਣ ਜਾਏ,

ਜਾਂ ਮਰੂਏ ਦਾ ਫੁੱਲ ਬਸੰਤੀ

ਜੋ ਠੁੰਗ ਜਾਣ ਗੁਟਾਰਾਂ ।

ਜਾਂ ਕੋਈ ਬੋਟ ਕਿ ਜਿਸ ਦੇ ਹਾਲੇ

ਨੈਣ ਨਹੀਂ ਸਨ ਖੁੱਲ੍ਹੇ,

ਮਾਰਿਆ ਮਾਲੀ ਕੱਸ ਗੁਲੇਲਾ

ਲੈ ਦਾਖਾਂ ਦੀਆਂ ਆੜਾਂ ।

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ

ਉੱਗੀ ਕਿਤੇ ਕੁਰਾਹੇ,

ਨਾ ਕਿਸੇ ਮਾਲੀ ਸਿੰਜਿਆ ਮੈਨੂੰ

ਨਾ ਕੋਈ ਸਿੰਜਣਾ ਚਾਹੇ ।

ਯਾਦ ਤੇਰੀ ਦੇ ਉੱਚੇ ਮਹਿਲੀਂ

ਮੈਂ ਬੈਠੀ ਪਈ ਰੋਵਾਂ,

ਹਰ ਦਰਵਾਜ਼ੇ ਲੱਗਾ ਪਹਿਰਾ

ਆਵਾਂ ਕਿਹੜੇ ਰਾਹੇ ?

ਮੈਂ ਉਹ ਚੰਦਰੀ ਜਿਸ ਦੀ ਡੋਲੀ

ਲੁੱਟ ਲਈ ਆਪ ਕਹਾਰਾਂ,

ਬੰਨ੍ਹਣ ਦੀ ਥਾਂ ਬਾਬਲ ਜਿਸ ਦੇ

ਆਪ ਕਲੀਰੇ ਲਾਹੇ ।

ਕੂਲੀ ਪੱਟ ਉਮਰ ਦੀ ਚਾਦਰ

ਹੋ ਗਈ ਲੀਰਾਂ ਲੀਰਾਂ,

ਤਿੜਕ ਗਏ ਵੇ ਢੋਵਾਂ ਵਾਲੇ

ਪਲੰਘ ਵਸਲ ਲਈ ਡਾਹੇ ।

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ

ਉੱਗੀ ਵਿਚ ਜੋ ਬੇਲੇ,

ਨਾ ਕੋਈ ਮੇਰੀ ਛਾਵੇਂ ਬੈਠੇ

ਨਾ ਪੱਤ ਖਾਵਣ ਲੇਲੇ ।

ਮੈਂ ਰਾਜੇ ਦੀ ਬਰਦੀ ਅੜਿਆ

ਤੂੰ ਰਾਜੇ ਦਾ ਜਾਇਆ,

ਤੂਹੀਓਂ ਦੱਸ ਵੇ ਮੋਹਰਾਂ ਸਾਹਵੇਂ

ਮੁੱਲ ਕੀ ਖੇਵਣ ਧੇਲੇ ?

ਸਿਖਰ ਦੁਪਹਿਰਾਂ ਜੇਠ ਦੀਆਂ ਨੂੰ

ਸਾਉਣ ਕਿਵੇਂ ਮੈਂ ਆਖਾਂ,

ਚੌਹੀਂ ਕੂਟੀਂ ਭਾਵੇਂ ਲੱਗਣ

ਲੱਖ ਤੀਆਂ ਦੇ ਮੇਲੇ ।

ਤੇਰੀ ਮੇਰੀ ਪ੍ਰੀਤ ਦਾ ਅੜਿਆ

ਉਹੀਓ ਹਾਲ ਸੂ ਹੋਇਆ,

ਜਿਉਂ ਚਕਵੀ ਪਹਿਚਾਣ ਨਾ ਸੱਕੇ

ਚੰਨ ਚੜ੍ਹਿਆ ਦਿਹੁੰ ਵੇਲੇ ।

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ

ਉੱਗੀ ਵਿਚ ਜੋ ਬਾਗ਼ਾਂ,

ਮੇਰੇ ਮੁੱਢ ਬਣਾਈ ਵਰਮੀ

ਕਾਲੇ ਫ਼ਨੀਅਰ ਨਾਗਾਂ ।

ਮੈਂ ਮੁਰਗਾਈ ਮਾਨਸਰਾਂ ਦੀ

ਜੋ ਫੜ ਲਈ ਕਿਸੇ ਸ਼ਿਕਰੇ,

ਜਾਂ ਕੋਈ ਲਾਲ੍ਹੀ ਪਰ ਸੰਧੂਰੀ

ਨੋਚ ਲਏ ਜਿਦ੍ਹੇ ਕਾਗਾਂ ।

ਜਾਂ ਸੱਸੀ ਦੀ ਭੈਣ ਵੇ ਦੂਜੀ

ਕੰਮ ਜਿਦ੍ਹਾ ਬਸ ਰੋਣਾ,

ਲੁੱਟ ਖੜਿਆ ਜਿਦ੍ਹਾ ਪੁਨੂੰ ਹੋਤਾਂ

ਪਰ ਆਈਆਂ ਨਾ ਜਾਗਾਂ ।

ਬਾਗ਼ਾਂ ਵਾਲਿਆ ਤੇਰੇ ਬਾਗ਼ੀਂ

ਹੁਣ ਜੀ ਨਹੀਓਂ ਲੱਗਦਾ,

ਖਲੀ-ਖਲੋਤੀ ਮੈਂ ਵਾੜਾਂ ਵਿਚ

ਸੌ ਸੌ ਦੁਖੜੇ ਝਾਗਾਂ ।

📝 ਸੋਧ ਲਈ ਭੇਜੋ