ਕੰਜਰੀ ਦਾ ਮੈਂ ਭੇਸ ਵਟਾ ਕੇ ਵੇਖ ਲਵਾਂ
ਬੁੱਲ੍ਹੇ ਵਾਂਗੂੰ ਯਾਰ ਮਨਾ ਕੇ ਵੇਖ ਲਵਾਂ।
ਰੱਬ ਨੇ ਮੇਰਾ ਤਰਲਾ ਤਾਂ ਸੁਣਿਆ ਹੀ ਨੲ੍ਹੀਂ
ਮਾਂ ਦੇ ਪੈਰੀਂ ਹੱਥ ਲਗਾ ਕੇ ਲਵਾਂ।
ਮਨ ਪ੍ਰਦੇਸੀ ਵਿੱਚ ਆਕਾਸ਼ੀਂ ਉੱਡਦਾ ਹੈ
ਇਸ ਦੇ ਪੈਰੀਂ ਝਾਂਜਰ ਪਾ ਕੇ ਵੇਖ ਲਵਾਂ।
ਜਿੰਦ ਜਾਨ ਹੈ ਤੇਰੀ ਅਕਸਰ ਕਹਿੰਦਾ ਸੀ
ਮੌਕਾ ਹੈ! ਉਸ ਨੂੰ ਅਜ਼ਮਾ ਕੇ ਵੇਖ ਲਵਾਂ।
ਗੱਲੀਂ ਬਾਤੀਂ ਸੋਨੇ ਜੇਹਾ ਲਗਦਾ ਹੈ
ਅੱਜ, ਕਸਵੱਟੀ ਤੇ ਘਸਾ ਕੇ ਵੇਖ ਲਵਾਂ।
ਕੰਨ ਪੜਵਾਈ ਰਾਂਝਾ ਬਣਿਆ ਫਿਰਦਾ ਹੈ
ਇਸ ਤੋਂ ਮੱਝੀਆਂ ਵੀ ਚਰਵਾ ਕੇ ਵੇਖ ਲਵਾਂ।
ਉਸਦੀ ਕਥਨੀ ਕਰਨੀ ਵਿੱਚ ਹੈ ਫ਼ਰਕ ਬੜਾ
ਇੱਕ ਇੱਕ ਵਾਦਾ ਯਾਦ ਕਰਾ ਕੇ ਵੇਖ ਲਵਾਂ।
ਲੂੰਬੜ ਚਾਲਾਂ ਚਲ ਕੇ ਰਹਿਬਰ ਬਣਿਆ ਹੈ
ਝੂਠ ਦਾ ਪਰਦਾ ਮੂੰਹ ਤੋਂ ਲਾਹ ਕੇ ਵੇਖ ਲਵਾਂ।
ਵੇਚ ਜ਼ਮੀਰਾਂ ਕਠ ਪੁਤਲੀ ਜਿਉਂ ਨੱਚਦਾ ਹੈ
ਮਾਲ ਬਜ਼ਾਰੂ! ਬੋਲੀ ਲਾ ਕੇ ਵੇਖ ਲਵਾਂ।
‘ਉੱਪਲ’, ਦੋਸਤ ਘਾਤ ਲਗਾਈ ਬੈਠਾ ਹੈ
ਸੀਨੇ ਵਿੱਚ ਖੰਜਰ ਖੁਭਵਾ ਕੇ ਵੇਖ ਲਵਾਂ।