ਰਾਜੇ ਦਾ ਹੁਕਮ ਹੋਇਆ 

ਕੋਈ ਕੰਜਕਾ ਨੂੰ ਹੱਥ ਨਾ ਲਾਏ 

ਨਾ ਅੱਖ ਲੁੱਚੀ ਤੇ ਨਾ ਅੱਖ ਸੁੱਚੀ 

ਕੰਜਕਾ ਦੇ ਘਰ ਤਕ ਜਾਏ

ਕੰਜਕਾ ਤਾਂ ਕਾਮੀ ਪਿਉ ਦੀ ਜਾਈ 

ਕੋਈ ਬਾਪ ਨਾ ਗੋਦ ਖਿਡਾਏ 

ਮਾਂ ਦਾ ਥਣ ਕਿਸੇ ਮਰਦ ਨੇ ਚੁੰਘਿਆ 

ਉਹ ਵੀ ਪੁਣ ਕੇ ਦੁੱਧ ਪਿਆਏ

ਨੰਗੀਆਂ ਜੀਭਾਂ, ਭੱਜੀਆਂ ਜੀਭਾਂ 

ਸਾਏ ਤੇ ਹਮਸਾਏ

ਕੰਜਕਾ ਲਾਗੇ ਕੋਈ ਕੂਏ 

ਨਾ ਕੁਝ ਸੁਣੇ ਸੁਣਾਏ

ਅੱਧੀ ਅੱਧੀ ਰਾਤੀਂ ਕੰਜਕਾ ਜਾਗੀ 

ਮਾਂ ਨੂੰ ਪਈ ਜਗਾਏ

ਮਾਏ ਨੀ ਮੇਰੇ ਢਿੱਡ ਵਿਚ ਚਾਨਣ 

ਮੈਨੂੰ ਪਿਆ ਬੁਲਾਏ

ਨਿੱਕਾ ਜਿਹਾ ਦੀਵਾ ਅੰਦਰ ਬਲਦਾ 

ਬਾਹਰ ਆਉਣਾ ਚਾਹੇ 

ਚੁੱਪ ਦੇ ਵਿਹੜੇ ਚਾਨਣ ਚੜ੍ਹਿਆ, 

ਕੀਕਣ ਕੋਈ ਬੁਝਾਏ

ਚੁੱਪ ਰਹਾਂ ਤਾਂ ਅੰਦਰ ਚਾਨਣ 

ਚੀਕੇ ਤੇ ਚਿਚਲਾਏ 

ਜੇ ਬੋਲਾਂ ਰਾਜਾ ਜਰਵਾਣਾ 

ਡਾਢੇ ਹੁਕਮ ਚੜ੍ਹਾਏ

ਲੂੰਆਂ ਥਾਣੀ ਸਿੰਮਦੇ ਸਿੰਮਦੇ 

ਚਾਨਣ ਦੇ ਹੜ੍ਹ ਆਏ 

ਜਾਗ ਨੀ ਮਾਏ ਅਤੇ ਦਲੀਜੋਂ 

ਬਾਹਰ ਪੈਰ ਟਿਕਾਏ

ਰਾਜੇ ਦਾ ਹੁਕਮ ਹੋਇਆ, 

ਕੋਈ ਕੰਜਕਾ ਨੂੰ ਹੱਥ ਨਾ ਲਾਏ 

ਨਾ ਅੱਖ ਲੁੱਚੀ ਤੇ ਨਾ ਅੱਖ ਸੁੱਚੀ, 

ਕੰਜਕਾਂ ਦੇ ਘਰ ਤਕ ਜਾਏ

📝 ਸੋਧ ਲਈ ਭੇਜੋ