ਕਣਕਾਂ ਦਾ ਗੀਤ

ਹੋ ਕਣਕਾਂ ਗੋਡੀਆਂ

ਕਹਿੰਦੇ : "ਲੰਘ ਗਈ ਰਾਤ

ਕਹਿੰਦੇ : "ਆਈ ਪ੍ਰਭਾਤ"

ਮੇਰੇ ਅਰਸ਼ਾਂ 'ਤੇ ਸ਼ਾਹੀਆਂ ਅਜੇ ਓਡੀਆਂ ਹੀ ਓਡੀਆਂ

ਹੋ ਕਣਕਾਂ ਗੋਡੀਆਂ !

ਹੋ ਕਣਕਾਂ ਜੰਮੀਆਂ

ਰਾਹੇ ਰਾਹੇ ਜਾਂਦਿਆ

ਸੁਣਦਿਆ ! ਸੁਣਾਂਦਿਆ !

ਦੁਖਾਂ ਦੀਆਂ ਕਹਾਣੀਆਂ ਨੇ ਦੁਖਾਂ ਤੋਂ ਵੀ ਲੰਮੀਆਂ

ਹੋ ਕਣਕਾਂ ਜੰਮੀਆਂ !

ਕਣਕਾਂ ਉੱਗੀਆਂ

ਖੇਡੇਗੀ ਜਿੱਤ ਮੇਰੀ

ਖੇਡੇਗੀ ਹਾਰ ਮੇਰੀ

ਦੇਈਂ ਦੇਈਂ ਮੀਟੀ ਜਿੱਤੇ ! ਹਾਰਾਂ ਨੇ ਪੁੱਗੀਆਂ।

ਹੋ ਕਣਕਾਂ ਉਗੀਆਂ !

ਹੋ ਕਣਕਾਂ ਸਾਵੀਆਂ

ਰੋਂਦੇ ਨੇ ਮਾਂਹੀਵਾਲ

ਰੋਂਦੀਆਂ ਨੇ ਸੋਹਣੀਆਂ

ਰੋਂਦੀਆਂ ਝਨਾਵਾਂ ਅਜ ਰੋਂਦੀਆਂ ਨੇ ਰਾਵੀਆਂ

ਹੋ ਕਣਕਾਂ ਸਾਵੀਆਂ !

ਹੋ ਕਣਕਾਂ ਪੀਲੀਆਂ

ਕਾਲੇ ਨਾਗਾਂ ਦੇ ਡੰਗ

ਕਾਲੇ ਹੋ ਗਏ ਨੇ ਰੰਗ

ਪ੍ਰੀਤ ਦੀਆਂ ਨਾੜੀਆਂ ਹੋ ਗਈਆਂ ਨੇ ਨੀਲੀਆਂ

ਹੋ ਕਣਕਾਂ ਪੀਲੀਆਂ !

ਹੋ ਕਣਕਾਂ ਛੰਡੀਆਂ

ਅਸਾਂ ਕੱਠਿਆਂ ਸੀ ਗੋਡੀਆਂ

ਇਕੱਠਿਆਂ ਸੀ ਬੀਜੀਆਂ

ਓਏ ਕਿਨ੍ਹੇ ਆਕੇ ਸਿੱਟਾ ਸਿੱਟਾ ਦਾਣਾ ਦਾਣਾ ਵੰਡੀਆਂ

ਹੋ ਕਣਕਾਂ ਛੰਡੀਆਂ !

ਕਣਕਾਂ ਦੇ ਕੱਖ ਕਾਣ

ਲਹੂ ਲਹੂ ਪੀਤੇ ਅਸਾਂ

ਲਹੂਆਂ ਨੂੰ ਛਾਣ ਛਾਣ

ਕਣਕਾਂ ਦਾ ਨਿੱਕ ਸੁੱਕ

ਨਾਲੇ ਅਸਾਂ ਵੰਡ ਲਏ ਨੇ

ਹੰਝੂਆਂ ਦੇ ਬੁੱਕ ਬੁੱਕ

ਕਣਕਾਂ ਦੀ ਧੂੜ ਧਾੜ

ਸਾਡੀ ਦੇਸ਼ ਭਗਤੀ ਦੇ

ਕਾਰਨਾਮੇ ਮਾਰ ਧਾੜ

ਕਣਕਾਂ ਦੇ ਰੋੜ ਰਾੜ

"ਰਾਖ਼-ਰਾਖ਼" ਖੇਡੀ ਅਸਾਂ

ਮਹਿਲਾਂ ਨੂੰ ਸਾੜ ਸਾੜ

ਹੋ ਕਣਕਾਂ ਸਿੱਲ੍ਹੀਆਂ

ਲੋਕ-ਪੀੜਾਂ ਤੇ ਰੋਣ

ਕਦੇ ਬਣਦੇ ਨਾ ਗੌਣ

ਅਜੇ ਮੇਰੇ ਦੇਸ ਦੀਆਂ ਅੱਖੀਆਂ ਨੇ ਗਿੱਲੀਆਂ।

ਹੋ ਕਣਕਾਂ ਸਿੱਲ੍ਹੀਆਂ !

📝 ਸੋਧ ਲਈ ਭੇਜੋ