ਸ਼ਿਵਾਂ ਨੂੰ ਪਿਆਰ ਕਰਨ ਵਾਲੀ ਇਕ ਕੁਮਾਰੀ ਜੁ
ਦੱਖਣੀ ਭਾਰਤ ਦੀ ਆਖ਼ਰੀ ਚਟਾਨ ਕੋਲ, ਸਾਗਰਾਂ
ਦੇ ਸੰਗਮ ਉੱਤੇ ਹਜ਼ਾਰਾਂ ਵਰ੍ਹਿਆਂ ਤੋਂ ਪੱਥਰ ਦਾ
ਬੁੱਤ ਬਣੀ ਸ਼ਿਵਾਂ ਨੂੰ ਉਡੀਕ ਰਹੀ ਹੈ । ਆਖਦੇ ਹਨ
ਕੁਮਾਗੇ ਦਾ ਤੇ ਸ਼ਿਵਾਂ ਦਾ ਵਿਆਹ-ਦਿਨ ਮਿਥਿਆ
ਗਿਆ ਸੀ । ਸਵੇਰ ਸਾਰ ਕਿਸੇ ਕਾਂ ਦੇ ਬੋਲਣ ਤੋਂ
ਪਹਿਲਾਂ ਵਿਆਹ ਹੋਣਾ ਜ਼ਰੂਰੀ ਸੀ, ਪਰ ਕਿਸੇ ਦੋਖੀ
ਨੇ ਕਾਂ ਦੀ ਝੂਠੀ ਆਵਾਜ਼ ਵਿਚ ਕੁਰਲਾ ਦਿਤਾ ਤੇ
ਵਿਆਹ ਦੀ ਘੜੀ ਉਲੰਘੀ ਗਈ । ਕੁਮਾਰੀ ਦੇ ਹੱਥ
ਵਿਚ ਫੜੇ ਹੋਏ ਚੌਲ ਤੇ ਸੰਧੂਰ ਡੁੱਲ੍ਹ ਗਏ । ਉਹ
ਚੌਲ ਹੁਣ ਪੱਥਰ ਹੋ ਕੇ ਸਾਗਰ ਦੇ ਕੰਕਰ ਸਿੱਪੀਆਂ
ਬਣ ਗਏ ਹਨ ਤੇ ਸੰਧੂਰ ਦੇ ਡੁੱਲ੍ਹਣ ਕਰਕੇ ਉਥੋਂ ਦੀ
ਸਾਰੀ ਮਿੱਟੀ ਲਾਲ ਰੰਗ ਦੀ ਹੁੰਦੀ ਹੈ ।
ਸਾਗਰ ਦੇ ਵਿਚ ਸਾਗਰ ਮਿਲਿਆ
ਕੌਣ ਲਕੀਰਾਂ ਪਾਵੇ
ਲਹਿਰਾਂ ਜੀਕਣ ਨੀਲਮ ਪਰੀਆਂ
ਝੁੰਮਰ ਛਿੜਦਾ ਜਾਵੇ
ਰਾਤਾਂ ਜੀਕਣ ਰੂਪ ਸੁਰਾਹੀਆਂ
ਹੋਠਾਂ ਉੱਤੇ ਉੜੀਆਂ
ਕਿਹਾ ਸਰਾਪ ਦਿਤੋ ਈ ਸਾਨੂੰ
ਬੂੰਦ ਨਾ ਪੀਤੀ ਜਾਵੇ
ਸਾਰੇ ਸਗਣ ਜ਼ਿਮੀ ਤੇ ਡੁੱਲ੍ਹੇ
ਦੋਵੇਂ ਤਲੀਆਂ ਖ਼ਾਲੀ
ਪੱਥਰ ਬਣ ਕੇ ਅਜ ਖਲੋਤੀ
ਤੇਰੀ ਸਗਣਾਂ ਵਾਲੀ
ਤੇਰੇ ਮੂੰਹ ਦਾ ਸਦਕਾ ਸਾਨੂੰ
ਜੱਗ ਬਿਗਾਨ ਹੋਇਆ
ਭਰੀ ਜਵਾਨੀ ਪੱਥਰ ਕਰਕੇ
ਲਾਜ ਇਸ਼ਕ ਦੀ ਪਾਲੀ
ਇਸ ਧਰਤੀ ਦੀਆਂ ਲੱਖਾਂ ਧੀਆਂ
ਮੈਂ ਨਾ ਇਕ ਕੁਮਾਰੀ
ਇਸ਼ਕ ਸਮੇਂ ਦਾ ਪੱਥਰ ਹੋਇਆ
ਪਥਰ ਹੋ ਗਈ ਨਾਰੀ
ਲੱਖਾਂ ਆਸ਼ਕ ਫੜਦੇ ਰਹਿ ਗਏ
ਮਿਲਣ ਘੜੀ ਨਾ ਆਈ
ਝੂਠੇ ਕਾਉਂ ਅਜੇ ਨਾ ਮੁੱਕੇ
ਬੋਲਣ ਵਾਰੋ ਵਾਰੀ
ਲੱਖਾਂ ਬੰਧਨ ਬਣ ਕੁਰਲਾਣੇ
ਕਾਂਵਾਂ ਰੂਪ ਵਟਾਇਆ
ਨੀਤੀ ਵਿਕਦੀ ਵਾਦ ਵਿਕੇ'ਦਾ
ਸਿੱਕਾ ਕੂੜ ਚਲਾਇਆ
ਚਾਵਲ ਕਣੀਆਂ ਪੱਥਰ ਹੋਈਆਂ
ਵੇਖ ਅਸਾਡਾ ਜੀਣਾ
ਮਿੱਠਾ ਫਲ ਇਸ਼ਕ ਦੀ ਟਾਹਣੀ
ਕਿਸੇ ਨਾ ਦੰਦੀਂ ਲਾਇਆ