ਕੰਤ ਦੀ ਥਾਹ ਨਾ ਲੈ ਤੂੰ ਸਖੀਏ

ਕੌਣ ਕੰਤ ਹੈ ਮੇਰਾ;

ਜਲਾਂ ‘ਚੋਂ ਮੇਰਾ ਰੂਪ ਪਛਾਣੇ

ਪੱਥਰਾਂ ਉਤੇ ਵਸੇਰਾ।

ਕੇਸਾਂ ਨੂੰ ਧਾਹ ਚੜ੍ਹੀ ਜੁਆਨੀ

ਜਨਮ ਮੇਘ ਦਾ ਹੋਇਆ,

ਪੰਧ ਕਿਸੇ ਨੇ ਕੀਤਾ ਲੰਮਾ,

ਦਰ ਵਿਚ ਆਣ ਖਲੋਇਆ।

ਮੇਰਿਆਂ ਕੁੱਲ ਰਾਹਾਂ ਦਾ ਭੇਤੀ

ਦੀਵਿਆਂ ਦਾ ਵਣਜਾਰਾ,

ਰਹਿੰਦੀ ਉਮਰ ਦੀ ਪੂੰਜੀ ਲੈ ਕੇ

ਰਾਹੀਂ ਬਲੇ ਪਿਆਰਾ।

ਸੱਦ ਰਿਜ਼ਕ ਦੀ ਕਿਹੜੇ ਵੇਲੇ

ਸੁਣੀ ਦਿਲਾਂ ਦੇ ਮਾਹੀ ?

ਜਿਸ ਰਾਤੀਂ ਮੈਂ ਭੇਦ ਚਿਰੋਕਾ

ਦਸਣਾ ਸਈ ਸ਼ਰਮਾਈ ।

ਰੁੱਤਾਂ ਦੇ ਬਹੁ ਕਾਸਦ ਆਏ

ਕੀ ਕੁੱਝ ਅਸੀਂ ਗੁਆਇਆ ?

ਪੱਥਰ ਕੁਟਦੇ ਮਾਹੀ ਦਾ ਕੋ

ਮੀਤ ਦੇਸ ਨਹੀਂ ਆਇਆ ।

ਚਿੰਤਾ ਕੰਤ ਦੀ ਬਹੁਤ ਸਿਆਣੀ

ਦੂਰ ਵਸੇ ਜੀ ਮੇਰਾ ।

ਕੇਸ ਮੇਰੇ ਤੂੰ ਭੁੱਲ ਨ ਸਕਿਉਂ

ਪਿਆਰ ਕੀ ਜਾਣਾ ਤੇਰਾ !

ਮਾਹੀ ਕਦੇ ਪੱਥਰਾਂ ਨੂੰ ਤੋੜੇ

ਕਦੇ ਰੰਗਾਂ ਨੂੰ ਛੋਹੇ ।

ਕਾਗਦ 'ਤੇ ਇਕ ਜ਼ੁਲਫ਼ ਜਾਂ ਢਿਲਕੀ

ਫ਼ਜਰ ਦਾ ਵੇਲਾ ਹੋਏ ।

ਵੇਲੇ ਫ਼ਜਰ ਦੇ 'ਵਾਜਾਂ ਪਈਆਂ,

ਹੁਕਮ ਆਏ ਸਰਕਾਰੋਂ ।

ਮੁੰਦ ਸੁਪਨਿਆਂ ਦੇ ਨੈਣਾਂ ਨੂੰ,

ਤੁਰੇ ਹੁਸਨ ਦੇ ਬਾਰੋਂ ।

ਹੁਸਨ ਦਾ ਸੁਪਨਾ ਪੂੰਜੀ ਕਿਸਦੀ ?

ਨ ਕੰਤ ਨ ਮੇਰੀ

ਉਸ ਸੁਪਨੇ ਦੀ ਬਾਤ ਸੁਣਾਵਾਂ

ਜਿਸ ਸੁਪਨੇ ਵਿਚ ਦੇਰੀ ।

ਕੰਤ ਮੇਰਾ ਧੁੱਪਾਂ ਦਾ ਜਾਇਆ,

ਕਦੇ ਕਦੇ ਛਾਂ ਮਾਣੀ ।

ਭਾਰੇ ਬੋਲ ਪੱਥਰਾਂ ਦੇ ਸੁਣਕੇ

ਸੁਣੇ ਬਿਰਖ ਦੀ ਬਾਣੀ ।

ਮਹਿਕ ਚੰਬੇਲੀ ਆਂਗਨ ਸਾਡੇ

ਆ ਕੁਈ ਨੀਰ ਛੁਹਾਏ ।

ਸੋਨ-ਸੁਰਾਹੀ ਮਾਹੀ ਦੀ ਵਿਚ

ਅਸਾਂ ਤਾਂ ਕੰਵਲ ਤਰਾਏ ।

ਡੋਲ ਜਾਣ ਕੰਵਲ ਦੀਆਂ ਪੱਤੀਆਂ

ਮਾਹੀ ਦਾ ਦਿਲ ਡੋਲੇ ।

ਕਿਹੜੀ ਰੁੱਤ ਵਿਚ ਕੋਇਲ ਹੈ ਆਈ,

ਕੌਣ ਵਿਯੋਗੀ ਬੋਲੇ !

ਇਸ ਬਾਰੀ 'ਚੋਂ ਜੂਹ ਮਾਹੀ ਦੀ

ਤੱਕ ਕੇ ਜੀਉ ਡੁਲਾਣਾ ।

ਇਸ ਬਾਰੀ 'ਚੋਂ ਪੌਣ ਪਈ ਵੱਗੇ,

ਜਿਸ ਸਾਜਨ ਵਲ ਜਾਣਾ ।

ਪੱਤੀ ਸਬਜ਼ ਕੰਵਲ ਦੀ ਢਿਲਕੀ

ਦੁੱਧ-ਰੰਗ ਸ਼ਰਮਾਈ ।

ਕੀ ਉਸ ਫੁੱਲ ਨੂੰ ਹੋਇਆ ਸਖੀਏ ?

ਓਦਰਿਆ ਜਿਉਂ ਮਾਹੀ ।

ਰਾਤਾਂ ਦਾ ਦਿਲ ਕੰਤ 'ਤੇ ਆਇਆ

ਤਾਰੇ ਵਾਰਨ ਆਈਆਂ ।

ਰਾਹ ਵਿਚ ਚੰਨ ਦੀਆਂ ਗਲੀਆਂ ਅੰਦਰ

ਖੇਡਣ ਲੱਗੀਆਂ ਦਾਈਆਂ ।

ਛੋਹ ਨੂੰ ਕੰਤ ਜਾਣ ਨਾ ਜਾਵੇ

ਫੜੀਆਂ ਚੰਨ ਕਲਾਈਆਂ ।

ਕੱਜ ਕੱਜ ਤੁਰਨ ਕੰਤ ਵਲ ਜਿੰਦੂ

ਰੈਣਾਂ ਨਿਹੁੰ ਦੀਆਂ ਜਾਈਆਂ ।

ਕੰਤ ਮੇਰਾ ਕੁੱਲ ਆਲਮ ਜਾਣੇ

ਤੂੰ ਬਸ ਸਈਏ ਭੁੱਲੀ ।

ਖੇਡ ਦੀ ਉਮਰਾ ਪਾਈ ਬੁਝਾਰਤ

ਜੁਆਨੀ ਦੀ ਰੁੱਤ ਹੁੱਲੀ ।

📝 ਸੋਧ ਲਈ ਭੇਜੋ