ਕਰ ਦਿਓ ਸੁਰ ਆਵਾਜਾਂ

ਕਰ ਦਿਓ ਸੁਰ ਆਵਾਜਾਂ ਮਿੱਠੀਆਂ ਹੇਕਾਂ ਲਾਵਾਂ ਮੈਂ 

ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ

ਹੱਥ ਜੋੜ ਕੇ ਖੜੇ ਸਵਾਲੀ ਤੇਰੇ ਦਰ ਉੱਤੇ

ਨਦਰ ਉਪੱਠੀ ਕਰਕੇ ਭਾਗ ਜਗਾ ਦਿਓ ਜੀ ਸੁੱਤੇ

ਤੇਰੇ ਦਰ ਦਾ ਕੂਕਰ ਤੇਰੀ ਓਟ ਤਕਾਵਾਂ ਮੈਂ

ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ

ਤੇਰੇ ਦਰ ਤੋਂ ਦਾਤਾ ਜੀ ਕੋਈ ਖਾਲੀ ਮੁੜਦਾ ਨਾ

ਜੀਹਦੀ ਬਾਂਹ ਤੂੰ ਪਕੜੀ ਉਹੋ ਕਦੇ ਵੀ ਰੁੜਦਾ ਨਾ

ਸਿਰ ਤੇ ਰੱਖਿਓ ਹੱਥ ਜੀ ਕਿਧਰੇ ਡੋਲ ਨਾ ਜਾਵਾਂ ਮੈਂ 

ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ

ਜੋ ਵੀ ਆਇਆ ਚੱਲਕੇ ਕਰੋ ਮੁਰਾਦਾਂ ਪੂਰੀਆਂ ਜੀ

ਦਿਓ ਪ੍ਰਤੱਖ ਦੀਦਾਰੇ ਦੇਵੋ ਮੇਟ ਦੂਰੀਆਂ ਜੀ

ਰੱਖ ਲਵੀਂ ਤੂੰ ਲਾਜਾਂ ਏਹੀ ਕਰਾਂ ਦੁਆਵਾਂ ਮੈਂ

ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ

ਕਵਿਤਾ ਦੇ ਵਿੱਚ ਸੁੱਚੇ ਮੋਤੀ ਹਾਰ ਪ੍ਰੋ ਦੇਵੋ 

ਫੁੱਟਣ ਦਿਮਾਗ਼ੋਂ ਫੁਰਨੇ ਦਾਤਾ ਉੱਜਲੀ ਲੋ ਦੇਵੋ

ਫਰੀਦ ਸਰਾਈਏ ਸੱਤੇ ਕੋਲੋ ਛੰਦ ਲਿਖਾਵਾਂ ਮੈਂ

ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ

📝 ਸੋਧ ਲਈ ਭੇਜੋ