ਕਰ ਜਾਵਣ ਜਦ ਸੱਭੇ ਹੱਦਾਂ ਪਾਰ

ਕਰ ਜਾਵਣ ਜਦ ਸੱਭੇ ਹੱਦਾਂ ਪਾਰ ਕਿਸੇ ਦੇ ਹਾਸੇ 

ਵੇਖੀ ਦੇ ਨਈਂ ਸਮਝੀ ਦੇ ਨੇਂ ਯਾਰ ਕਿਸੇ ਦੇ ਹਾਸੇ

ਮਸਜਿਦ ਵਰਗੇ ਸਾਡੇ ਦਿਲ ਦਾ ਫ਼ਿਰਕਾ ਫ਼ਿਰਕਾ ਕਰ ਕੇ 

ਕੀ ਫ਼ਾਇਦਾ ਜੇ ਮੱਲ ਬੈਠੇ ਦਰਬਾਰ ਕਿਸੇ ਦੇ ਹਾਸੇ

ਪਿੰਡ ਸੰਗਾਊ ਮਿਸਰੇ ਤੇ ਸ਼ਰਮੀਲੀਆਂ ਬਹਿਰਾਂ ਅੰਦਰ 

ਗ਼ਜ਼ਲਾਂ ਕਹਿੰਦੇ ਵੇਖੇ ਸੀ ਕਈ ਵਾਰ ਕਿਸੇ ਦੇ ਹਾਸੇ

ਸੱਤਰ ਸੌ ਤੇ ਮੈਂ ਵੇਖੇ ਨੇਂ ਹੰਝੂਆਂ ਦੇ ਵਿਚ ਡੁੱਬਦੇ 

ਕੋਈ ਹੋਵੇਗਾ ਜਿਹਨੂੰ ਗਏ ਨੇਂ ਤਾਰ ਕਿਸੇ ਦੇ ਹਾਸੇ

ਅੰਦਰੋਂ ਸਹਿਮੇ ਤੇਰੇ ਸਾਡੇ ਪਿੰਡ ਤੇ ਸ਼ਹਿਰਾਂ ਵਿਚੋਂ 

ਕਿਹੜਾ ਹੱਸੇ, ਛੱਡੇ ਨਈਂ ਸਰਕਾਰ ਕਿਸੇ ਦੇ ਹਾਸੇ

ਚੰਨ ਤਾਰੇ ਵੀ ਇੰਜ ਲਗਦੇ ਨੇਂ ਜਿਸਰਾਂ ਹੋਵਣ ‘ਸੰਧੂ’ 

ਆਲ਼ ਦੁਆਲ਼ੇ ਅੱਖਾਂ ਤੇ ਵਿਚਕਾਰ ਕਿਸੇ ਦੇ ਹਾਸੇ

📝 ਸੋਧ ਲਈ ਭੇਜੋ