ਕਰ ਕਰ ਕੰਨੀਂ ਗੱਲਾਂ ਲੋਕ,
ਲਾਂਦੇ ਸੀਨੇ ਸੱਲ੍ਹਾਂ ਲੋਕ।
ਸਾਡੇ ਖਾਤੇ ਪਾਈ ਜਾਣ,
ਕਰ ਕਰ ਭੁੱਲਾਂ ਭੱਲਾਂ ਲੋਕ।
ਪੱਕੇ ਚਿਭੜ ਲਭਣ ਲਈ,
ਮਿਧਣ ਕੂਲੀਆਂ ਵੱਲਾਂ ਲੋਕ।
ਆਪਸ ਦੇ ਵਿਚ ਕਰਦੇ ਰਹਿਣ,
ਲਿਆ ਲਿਆ ਤੈਨੂੰ ਗੱਲਾਂ ਲੋਕ।
ਅਪਣੇ ਸੂਟ ਸਵਾਵਣ ਲਈ,
ਲਾਂਹਦੇ ਫਿਰਦੇ ਖੱਲਾਂ ਲੋਕ।
ਤੇਰੇ ਮੇਰੇ ਹੱਕਾਂ ਤੇ,
ਮਾਰੀ ਬੈਠੇ ਮੱਲਾਂ ਲੋਕ।
ਚੱਪਾ ਹਮਦਰਦੀ ਜਤਲਾਣ,
ਕਰਦੇ ਗਿਠ ਗਿਠ ਗੱਲਾਂ ਲੋਕ।
ਸੜਕੇ, ਚਿੜਕੇ, ਤੈਥੋਂ ਏਹ,
ਖ਼ੁਦ ਨੂੰ ਪਾਣ ਕੁੜੱਲਾਂ ਲੋਕ।
'ਅਸ਼ਰਫ਼', ਕਿਉਂ ਦਿਲ ਤੇ ਲਾਨੈਂ,
ਕਰਦੇ ਰੱਬ ਨੂੰ ਗੱਲਾਂ ਲੋਕ।