ਕਰਦੀ ਦਿਲ ਤੇ ਵਾਰ ਏ ਬੱਚੇ ਮੋਈ

ਕਰਦੀ ਦਿਲ ਤੇ ਵਾਰ ਏ ਬੱਚੇ ਮੋਈ 

ਅੱਖ ਕਾਹਦੀ ਤਲਵਾਰ ਏ ਬੱਚੇ ਮੋਈ

ਜਿਹਨੂੰ ਮਿਲਦੀ ਓਹਨੂੰ ਰਾਹੇ ਛੱਡਦੀ 

ਜ਼ਿੰਦਗੀ ਉਹ ਮੁਟਿਆਰ ਏ ਬੱਚੇ ਮੋਈ

ਦਿਲ ਢੱਠੇ ਪਰ ਢੱਠੀ ਨਈਂ ਜੋ ਸਾਥੋਂ 

ਨਫ਼ਰਤ ਦੀ ਦੀਵਾਰ ਏ ਬੱਚੇ ਮੋਈ

ਸਾਡੇ ਲਈ ਨਈਂ ਆਪਣੇ ਢਿੱਡ ਲਈ 

ਇਥੇ ਆਉਂਦੀ ਹਰ ਸਰਕਾਰ ਏ ਬੱਚੇ ਮੋਈ

ਖਝਕੇ ਜ਼ਿਹਨ ਨੇ ਤਾਂ ਈ ਸੋਚ ਵੀ ਸਾਡੀ 

ਹਾਲੇ ਤੱਕ ਬੀਮਾਰ ਏ ਬੱਚੇ ਮੋਈ

ਸਾਡੀ ਨਈਂ ਇਹ ਮੁੱਲਾਂ ਤੇਰੀ ਕੰਧ ਏ 

ਜੋ ਸਾਡੇ ਵਿਚਕਾਰ ਏ ਬੱਚੇ ਮੋਈ 

ਜਿਹਨੇ ਸਾਥੋਂ ਸਾਡੇ ਯਾਰ ਨਿਖੇੜੇ 

ਆਹ ਪਿਛਲੀ ਅਤਵਾਰ ਏ ਬੱਚੇ ਮੋਈ

‘ਸੰਧੂ’ ਯਾਰੀ ਵਾਂਗ ਨਿਭਾਈਏ ਯਾਰੀ 

ਪਰ ਬੜੀ ਦੁਸ਼ਵਾਰ ਏ ਬੱਚੇ ਮੋਈ

📝 ਸੋਧ ਲਈ ਭੇਜੋ