ਕਰਕੇ ਸਿਰ ਤੇ ਸਵਾਰ ਫ਼ਰਜ਼ਾਂ ਨੂੰ

ਕਰਕੇ ਸਿਰ ਤੇ ਸਵਾਰ ਫ਼ਰਜ਼ਾਂ ਨੂੰ। 

ਕਿਉਂ ਬਣਾਉਨਾਂ ਏਂ ਭਾਰ ਫ਼ਰਜ਼ਾਂ ਨੂੰ।

ਪਲ ਕੁ ਤਜ ਕੇ ਅਲਾਪ ਸਮਿਆਂ ਦਾ,

ਕੋਲ ਬਹਿ ਕੇ ਦੁਲਾਰ ਫ਼ਰਜ਼ਾਂ ਨੂੰ।

ਖ਼ੁਦ ਨੂੰ ਨੇੜੇ ਤੋਂ ਜਾਨਣਾ ਹੈ ਤਾਂ,

ਦੂਰ ਖੜ੍ਹ ਕੇ ਨਿਹਾਰ ਫ਼ਰਜ਼ਾਂ ਨੂੰ।

ਕਰ ਨਾ ਖੋਟਾ ਸਕੂਨ ਦਾ ਪੈਂਡਾ, 

ਕਰਕੇ ਇਉਂ ਦਰਕਿਨਾਰ ਫ਼ਰਜ਼ਾਂ ਨੂੰ।

ਬੋਝ ਤਾਂ ਹੋਰ ਵੀ ਬਥੇਰੇ ਨੇ, 

ਐਵੇਂ ਮੇਹਣੇ ਨਾ ਮਾਰ ਫ਼ਰਜ਼ਾਂ ਨੂੰ।

ਟਾਲ ਦੇਨੈਂ, ਮਹੀਨਿਆਂ ਤੀਕਰ, 

ਕਹਿ ਕੇ "ਇਸ ਐਤਵਾਰ" ਫ਼ਰਜ਼ਾਂ ਨੂੰ।

ਆਪਣੇ ਹੱਕਾਂ ਦੇ ਖੋਭ ਕੇ ਅੰਕੁਸ਼, 

ਨਾ ਚੜ੍ਹਾ ਇਉਂ ਬੁਖਾਰ ਫ਼ਰਜ਼ਾਂ ਨੂੰ।

📝 ਸੋਧ ਲਈ ਭੇਜੋ