ਉਹ ਪਾਵਨ ਪਵਿੱਤਰ ਗ੍ਰੰਥ
ਜੋ ਮਹਿਜ਼ ਗ੍ਰੰਥ ਨਹੀਂ
ਸਮੁੱਚੇ ਜੀਵਨ ਜਾਚ ਦੀ ਕੁੰਜੀ
ਆਤਮਾ ਦਾ ਵਿਧਾਨ ਮੰਨਿਆਂ ਜਾਂਦਾ ਹੈ
ਉਸਦੀ ਉਦੋਂ ਕੋਈ
‘ਬੇਅਦਬੀ’ ਨਹੀਂ ਹੋਈ
ਜਦੋਂ ਉਸਦੇ ਪੈਰੋਕਾਰਾਂ ਵੱਲੋਂ
ਉਸਨੂੰ ਕਦੇ ਵੀ
ਅਸਲ ਵਿੱਚ
ਅਮਲ ਵਿੱਚ
ਨਹੀਂ ਅਪਣਾਇਆ ਗਿਆ
ਜਦੋਂ ਉਨ੍ਹਾਂ ਨੇ
ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ ਤੋਂ
ਮੁਨਕਰ ਹੋ ਕੇ
ਕਿਸੇ ਨੂੰ ਕਮੀਣ
ਕਿਸੇ ਨੂੰ ਢੇਡ
ਕਿਸੇ ਨੂੰ ਗੁੱਲੀ-ਘੜ
ਕਹਿ ਕੇ
ਪਲ ਪਲ ਪੈਰ ਪੈਰ 'ਤੇ ਬੇਅਦਬ ਕੀਤਾ
ਊਣਾ ਹੀਣਾ ਹੋਣ ਦਾ ਅਹਿਸਾਸ ਕਰਾਇਆ
ਉਦੋਂ ਉਸਦੀ ਕੋਈ ਬੇਅਦਬੀ ਨਹੀਂ ਹੋਈ
ਜਦੋਂ
ਇਸ ਵਿੱਚ ਅੰਕਿਤ ਮਹਾਨ ਵਿਚਾਰ
‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ‘
ਨੂੰ ਨਕਾਰ
ਕੁੜੀ ਮਾਰ ਕੌਮ ਹੋਣ ਦਾ ਕਲੰਕ ਮੱਥੇ ਲਵਾਇਆ
ਗਰਭ ਵਿੱਚ ਹੀ ਮਾਰ ਮੁਕਾਇਆ
ਜਾਂ
ਜਿਊਂਦੇ ਜੀ ਔਰਤ ਲਈ ਹਰ ਗਲ਼ੀ ਮੁਹੱਲਾ ਘਰ ਚੌਕ
ਬਲਾਤਕਾਰੀ - ਖ਼ੌਫ਼ ਬਣਾਇਆ
ਉਦੋਂ ਉਸਦੀ ਕੋਈ ਬੇਅਦਬੀ ਨਹੀਂ ਹੋਈ
ਜਦੋਂ
ਪਵਨ ਗੁਰੂ
ਪਾਣੀ ਪਿਤਾ
ਧਰਤ ਮਾਤਾ
ਸਭ ਨੂੰ ਪਲੀਤ ਕੀਤਾ ਕਰਾਇਆ
ਉਦੋਂ ਵੀ ਉਸਦੀ ਕੋਈ
ਬੇਅਦਬੀ ਨਹੀਂ ਹੋਈ
ਇਸਦੀ ਬੇਅਦਬੀ
ਇਸਦੇ ਅਮਲੀ ਰੂਪ ਨੂੰ
ਨਕਾਰਨ ਵੇਲ਼ੇ ਕਦੇ ਨਹੀ ਹੋਈ
ਇਸਦੀ ਬੇਅਦਬੀ
ਸਿਰਫ਼ ਇਸਦੇ ਇਬਾਰਤੀ ਸਰੂਪ ਨਾਲ਼ ਜੁੜੇ
ਕਾਂਡ
ਜਾਂ
ਕਰਮਕਾਂਡ
ਕਰਕੇ ਹੀ ਹੋਈ ਹੈ ।