ਕਰਤਾਰਪੁਰ ਸਾਹਿਬ ਦੀ ਯਾਤਰਾ ਕਰਦਿਆਂ

ਧਰਤੀ ਚੁੰਮੀ ਜਦੋਂ ਕਰਤਾਰਪੁਰ ਦੀ, 

ਦਿਲੋਂ ਨਿਕਲੀ ਇਹ ਪੁਕਾਰ ਬਾਬਾ

ਤੇਰੇ ਚਰਨਾਂ 'ਚ ਸਿਜਦਾ ਸੌ ਵਾਰੀ,

ਠੰਡ ਵਰਤਾ ਦੇ ਆਰ ਤੇ ਪਾਰ ਬਾਬਾ। 

ਵਗੇ ਪੌਣ ਮੁਹੱਬਤੀ ਦੋਹੀਂ ਪਾਸੀਂ, 

ਪੁੱਟੀ ਜਾਏ ਕੰਡਿਆਲੀ ਤਾਰ ਬਾਬਾ। 

ਤੇਰੀ ਮਿਹਰ ਤੇ ਨਦਰ ਦੀ ਹੋਏ ਪਾਤਰ,

ਦੋਹਾਂ ਪਾਸਿਆਂ ਦੀ ਸਰਕਾਰ ਬਾਬਾ।

ਹਰ ਬਸ਼ਰ 'ਚੋਂ ਰੱਬ ਦੀ ਝਲਕ ਪੈ ਜਾਏ, 

ਚੜ੍ਹੇ ਨਾਮ ਦੀ ਐਸੀ ਖ਼ੁਮਾਰ ਬਾਬਾ। 

ਟੁੱਟੇ ਦੇਸਾਂ ਤੇ ਧਰਮਾਂ ਦੀ ਹੱਦ- ਬੰਦੀ, 

ਇਹੋ ਅਰਜ਼ ਹੈ ਤੇਰੇ ਦਰਬਾਰ ਬਾਬਾ।

ਰਹਿਣ ਵੱਸਦੇ ਵਾਘਿਓਂ ਆਰ ਨੇ ਜੋ,

ਵੱਸਣ ਘੁੱਗ ਜੋ ਰਾਵੀਓਂ ਪਾਰ ਬਾਬਾ। 

'ਧੰਨ- ਧੰਨ ਗੁਰੂ 'ਨਾਨਕ' ਦੀ ਗੂੰਜ ਪੈ ਜਾਏ, 

ਐਸੇ ਛੇੜ ਦੇ ਦਿਲਾਂ ਦੇ ਤਾਰ ਬਾਬਾ।

📝 ਸੋਧ ਲਈ ਭੇਜੋ