ਕਰਤਾਰਪੁਰ ਵਿਚ

ਘੁੰਮ ਚਾਰੇ ਚੱਕ ਜਹਾਨ ਦੇ

ਜਦ ਘਰ ਆਇਆ ਕਰਤਾਰ

ਕਰਤਾਰਪੁਰੇ ਦੀ ਨਗਰੀ

ਜਿਦ੍ਹੇ ਗਲ ਰਾਵੀ ਦਾ ਹਾਰ

ਜਿਦ੍ਹੇ ਝਮ ਝਮ ਪਾਣੀ ਲਿਸ਼ਕਦੇ

ਜਿਦ੍ਹੀ ਚਾਂਦੀ-ਵੰਨੀ ਧਾਰ

ਲਾਹ ਬਾਣਾ ਜੋਗ ਫ਼ਕੀਰ ਦਾ

ਮੁੜ ਮੱਲਿਆ ਸੰਸਾਰ

ਕਦੇ ਮੰਜੀ ਬਹਿ ਅਵਤਾਰੀਆ

ਕਰੇ ਦਸ ਨਹੁੰਆਂ ਦੀ ਕਾਰ

ਉਹਦੀ ਜੀਭ ਜਪੁਜੀ ਬੈਠਿਆ

ਤੇ ਅੱਖੀਂ ਨਾਮ-ਖ਼ੁਮਾਰ

ਸੁਣ ਸੋਹਬਾ ਰੱਬ ਦੇ ਜੀਵ ਦੀ

ਜੁੜਿਆ ਕੁੱਲ ਸੰਸਾਰ

ਤਦ ਕੁੱਲ ਜੱਗ ਚਾਨਣ ਹੋ ਗਿਆ

ਤੇ ਮਿਟੇ ਕੂੜ ਅੰਧਿਆਰ

ਚੌਂਹ ਕੂਟੀ ਸ਼ਬਦ ਇਹ ਗੂੰਜਿਆ

ਉਹ ਰੱਬ ਹੈ ਇਕ ਓਂਕਾਰ

📝 ਸੋਧ ਲਈ ਭੇਜੋ