ਕਰਵਟ ਬਦਲਦੀ ਰਾਤ ਹੈ ਬੀਮਾਰ ਦੀ ਤਰ੍ਹਾਂ

ਕਰਵਟ ਬਦਲਦੀ ਰਾਤ ਹੈ ਬੀਮਾਰ ਦੀ ਤਰ੍ਹਾਂ ।

ਸੀਨੇ ਚ ਚੁਭਦਾ ਹੈ ਰਿਹਾ ਕੁਝ ਖ਼ਾਰ ਦੀ ਤਰ੍ਹਾਂ।

ਬਿਰਖ਼ਾਂ ਦੇ ਉਹਲਿਓਂ ਕਦੇ ਦਿਸਹਦਿਓਂ ਪਰ੍ਹੇ,

ਰਹਿੰਦਾ ਹੈ ਦੇਖਦਾ ਕੁਈ ਦਿਲਦਾਰ ਦੀ ਤਰ੍ਹਾਂ।

ਰਸਤਾ, ਮੁਕਾਮ ਨਾ ਦਿਸ਼ਾ ਔਂਦੀ ਕਿਤੇ ਨਜ਼ਰ,

ਇਹ ਕੌਣ ਅੱਗੇ ਆ ਖੜਾ ਦੀਵਾਰ ਦੀ ਤਰ੍ਹਾਂ।

ਬੱਕੀ ਵੀ ਕੋਲ ਹੋਏਗੀ, ਭੱਥਾ ਵੀ, ਤੀਰ ਵੀ,

ਹੋਊ ਉਦੈ ਸੂਰਜ ਕਦੀ ਤਾਂ ‘ਯਾਰ’ ਦੀ ਤਰ੍ਹਾਂ।

ਕੱਲ੍ਹ ਨੂੰ ਬਾਜ਼ ਘੇਰ ਕੇ ਮਾਰਨਗੇ ਥਾਂ-ਕੁਥਾਂ,

ਉਡਣਾ ਵੀ ਹੈ ਜੇ ਉੱਡ ਐਪਰ ਡਾਰ ਦੀ ਤਰ੍ਹਾਂ।

ਮੁਸਕਾਨ ਸੀ ਭੇਦਾਂ-ਭਰੀ ਮੈਂ ਹੀ ਨਾ ਸਮਝਿਆ,

ਜਦ ਵੀ ਵਰ੍ਹੀ ਤਾਂ ਹੈ ਵਰ੍ਹੀ ਤਲਵਾਰ ਦੀ ਤਰ੍ਹਾਂ।

📝 ਸੋਧ ਲਈ ਭੇਜੋ