ਕੇਸ ਜੂਹੇ ਨੀਂ ਚੁਗਣ

ਕੇਸ ਜੂਹੇ ਨੀਂ ਚੁਗਣ ਮਿਰਗੜੇ

ਕੇਸ ਜੂਹੇ ਨੀਂ ਆਉਂਦੇ ਮੋਰ

ਕੇਸ ਜੂਹੇ ਨੀਂ ਵਗਦੀ 'ਵਾ ਦਾ

ਸੁੱਤਿਆਂ ਸਾਹਾਂ ਵਰਗਾ ਸ਼ੋਰ

ਕੇਸ ਜੂਹੇ ਨੀਂ ਟੁੱਕ-ਟੁੱਕ ਪੰਖੂ

ਭੁੰਜੇ ਸੁੱਟ ਗਏ ਅੱਖਰੋਟ

ਕੇਸ ਜੂਹੇ ਨੀਂ ਆਪ ਵਿਧਾਤਾ

ਪੰਖੜੀਆਂ ਦੀ ਕਰਦਾ ਸੋਟ

ਸਿਰ ਤੇ ਚੌਂਕਾਂ, ਨੱਕ ਵਿੱਚ ਨੱਥਾਂ

ਘੱਗਰ ਪਾ ਕੇ ਸਾਵੇ ਲਾਲ

ਕੇਸ ਜੂਹੇ ਨੀਂ ਗੱਦਣ ਕੁੜੀਆਂ

ਟੁਰਦੀਆਂ ਬੇਪਰਵਾਹੀ ਨਾਲ

ਕੇਸ ਜੂਹੇ ਨੀਂ ਬਾਂਸਾਂ ਵਿੱਚੋਂ

ਲੰਘ-ਲੰਘ ਜਾਵਣ ਭੀੜੇ ਰਾਹ

ਕੇਸ ਜੂਹੇ ਨੀਂ ਡੁੱਲ੍ਹਦੀ ਰਹਿੰਦੀ

ਸੁੱਚੜੀ ਹਰੜ-ਬਹੇੜੀ ਛਾਂ

ਕੇਸ ਜੂਹੇ ਇੱਕ ਲੱਜਿਆਵੰਤੀ

ਫਿਰੇ ਉਡਾਉਂਦੀ ਢੀਂਗ-ਤਲੋਰ

ਕੇਸ ਜੂਹੇ ਓਹ ਪਦਮਾਂ ਛਾਂਵੇਂ

ਸੱਪਣੀਆਂ ਦੀ ਤੁਰਦੀ ਤੋਰ

ਕੇਸ ਜੂਹੇ ਫੁੱਲ ਖੁਰਮਾਣੀ ਦੇ

ਖਿੱਚਣ ਓਹਨੂੰ ਆਪਣੀ ਓਰ

ਕੇਸ ਜੂਹੇ ਓਹ ਜਾਦੂਗਰਨੀ

ਗੁੰਮ ਜਾਵੇ ਫਿਰ ਅੱਖ ਦੇ ਫੋਰ

ਬਾਣ ਵਾਂਗਰਾਂ ਸਿੱਧ-ਸਪਾਟੇ

ਸਿੰਮਲਾਂ ਦੀ ਇਕ ਸੁੰਞੀ ਪਾਲ

ਕੇਸ ਜੂਹੇ ਨੀਂ ਜੰਗਲੀ ਨਾਖਾਂ

ਖੇਡਣ ਚਿੱਟਿਆਂ ਫੁੱਲਾਂ ਨਾਲ਼

ਕੇਸ ਜੂਹੇ ਨੀਂ ਪਾਣੀਆਂ ਉੱਤੇ

ਮੁਰਗਾਈਆਂ ਲੱਥ ਆਵਣ

ਦੁੱਧ-ਚਾਨਣੀਆਂ ਰਾਤਾਂ ਅੰਦਰ

ਗੰਧਾਂ ਵੀ ਅਲਸਾਵਣ

ਕੇਸ ਜੂਹੇ ਮੇਰੇ ਤਿੱਤਰ ਉੱਡਣੇ

ਕਿੱਥੇ ਇੱਜੜ ਚਰਨਾ

ਕੇਸ ਜੂਹੇ ਵੇ ਕੇਸਰੀਆ ਮੈਂ

ਸੀਸ ਤੇਰੇ ਪੱਗ ਧਰਨਾ

ਕੇਸ ਜੂਹੇ ਨੀਂ ਚੁਗਣ ਮਿਰਗੜੇ

ਕੇਸ ਜੂਹੇ ਨੀਂ ਆਉਂਦੇ ਮੋਰ

ਕੇਸ ਜੂਹੇ ਨੀਂ ਵਗਦੀ 'ਵਾ ਦਾ

ਸੁੱਤਿਆਂ ਸਾਹਾਂ ਵਰਗਾ ਸ਼ੋਰ

📝 ਸੋਧ ਲਈ ਭੇਜੋ