ਮੂਸੇਵਾਲਾ
ਹਨੇਰੀ ਵਾਂਗ ਚੜ੍ਹਿਆ
ਤੇ ਮੀਂਹ ਵਾਂਗ ਵਰ੍ਹਿਆ
ਜਦੋਂ ਉਹ ਮਰਿਆ
ਮੈਂਨੂੰ ਲੱਗਾ ਮੇਰਾ ਹੀ ਪੁੱਤ ਮਰਿਆ
ਉਹ ਮੇਰੀ ਔਲਾਦ ਦੀ ਉਮਰ ਦਾ ਸੀ
ਕਾਸ਼ !
ਮੂਸੇਵਾਲਾ ਨਾ ਮਰਦਾ
ਇਹ ਲਫ਼ਜ਼ ਉਹ ਵੀ ਪੜ੍ਹਦਾ
…
ਮੰਨਿਆ ਕਿ
‘ਮੌਤ ਨੂੰ ਮਖੌਲਾਂ ਕਰਨਾ ‘
ਪੰਜਾਬ ਦੇ ਬੇਪ੍ਰਵਾਹ ਜਵਾਨਾਂ ਦਾ ਤਖ਼ੱਲਸ ਹੈ
ਪੂਰਨ ਸਿੰਘ ਦੇ ਪੰਜਾਬ ਦਾ
ਪਰ ਅਲਬੇਲੇ ਜਵਾਨੋ ਹੋਸ਼ ਕਰੋ
ਜੋਸ਼ ਦੇ ਅੱਥਰੇ ਘੋੜੇ ਨੂੰ
ਸੋਚ ਦੀ ਲਗਾਮ ਦੇਵੋ
ਤਾਂ ਕਿ
ਮੂਸੇਵਾਲ ਦੀ ਮਾਂ ਵਾਂਗ
ਕੱਲ ਤੁਹਾਡੀ ਮਾਂ ਵੀ
ਵੈਣ ਨਾ ਪਾਵੇ
ਤੁਸੀਂ ਸਾਡੇ ਆਪਣੇ
ਭਰਾ ਪੁੱਤ ਭਤੀਜੇ ਹੋ
ਤੁਸੀਂ ਪੰਜਾਬ ਦਾ ਸਰਮਾਇਆ
ਭਾਰਤ ਮਾਂ ਦਾ ਗਹਿਣਾ ਹੋ ।
ਤੁਸੀਂ ਧੀਆਂ ਦੇ ਰਾਖੇ
ਤੇ ਗਰੀਬ ਨਿਵਾਜ
ਬਣਨ ਦੇ ਕਾਬਲ
ਪਰ ਸੋਚ ਖੁਣੋਂ ਖੁੰਝੇ ਹੋਏ
ਦੁੱਲੇ ਹੋ
ਜੱਗੇ ਜੱਟ ਦੇ ਹਮਸਾਏ
ਜਿਹਨਾ ਦੀਆਂ ਏ ਕੇ 94 ਰਫਲਾਂ
ਓਦੋਂ ਸੌਂ ਜਾਂਦੀਆਂ ਹਨ
ਜਦੋਂ ਨਿਰਭੈਆ ਅਸਿਫਾ ਵਰਗੀਆਂ ਨਾਲ
ਬਲਾਤਕਾਰ ਕਰਨ ਵਾਲੇ
ਗਲਾਂ ‘ਚ ਟਾਇਰ ਪਾ ਸਾੜਨ ਵਾਲੇ
ਪੱਗਾਂ ਨੂੰ ਅੱਗਾਂ ਲਾਓਣ ਵਾਲੇ
‘ਕੌਰਾਂ’ ਨਾਲ ਕੁਕਰਮ ਕਰਨ ਵਾਲੇ
ਤੇ ਪੂਰੀ ਨਸਲ ਤਬਾਹ ਕਰਨ ਵਾਲੇ ਨਸ਼ਿਆਂ ਦੇ ਸੌਦਾਗਰ
ਬੇਖੌਫ ਦਨਦਨਉਦੇ ਫਿਰਦੇ ਨੇ
ਤੁਹਾਡੀ ਠਾਠਾਂ ਮਾਰਦੀ ਜਵਾਨੀ ਦੀ ਦਲੇਰੀ
ਤੇ ਬਦਲਾ ਲੈਣ ਦੀ ਵਾਰਦਾਤ ਅੰਜਾਮ ਦੇਣ ਦਾ
ਹਠ ਤੇ ਪ੍ਰਤਿਭਾ ਦੱਸਦੀ ਹੈ
ਤੁਸੀਂ ਊਧਮ ਸਿੰਘ ਦੇ ਭਟਕੇ ਹੋਏ ਵਾਰਸ ਹੋ
ਮਾਂਵਾਂ ਨੇ ਤੁਹਾਨੂੰ ਅਸਹਿ ਜੰਮਣ ਪੀੜਾਂ
ਸਹਿ ਕੇ ਪੈਦਾ ਕੀਤਾ ਹੈ
ਤੁਸੀਂ ਇੱਕ ਸੁਚੱਜੀ ਸੋਚ
ਨਾ ਪੈਦਾ ਕਰ ਸਕਣ ਕਾਰਨ
ਅਸਲੀ ਦੁਸ਼ਮਣ ਨਹੀ ਪਹਿਚਾਣ ਸਕਦੇ
ਨਿਸ਼ਾਨਾ ਬੰਦੂਕ ਨਹੀਂ
ਸੋਚ ਲਗਾਉਂਦੀ ਹੈ
ਜਿਸ ਬਿਨਾ ਪੱਕੀਆਂ ਬੰਦੂਕਾਂ ਵਾਲੇ ਵੀ
ਕੱਚੇ ਨਿਸ਼ਾਨਚੀ ਰਹਿੰਦੇ ਹਨ।
ਊਧਮ ਸਿੰਘ ਦੇ ਭਟਕੇ ਹੋਏ ਵਾਰਸੋ
ਆਪਣੀ ਜਾਂਬਾਜ ਦਲੇਰੀ ਨੂੰ
ਕਿਸੇ ਅਡਵਾਇਰ ਕੋਲ ਗਿਰਵੀਂ
ਜਾਂ ਨਿੱਜੀ ਵੈਰ ਵਿੱਚ ਜਾਇਆ ਨਾ ਕਰੋ
ਪੰਜਾਬ ਦੀ ਖੜਗ ਬਣੋ
ਭਾਰਤ ਮਾਂ ਨੂੰ ਨਵੇਂ ਅਡਵਾਇਰਾਂ ਤੋਂ
ਮੁਕਤ ਕਰਵਾਓ
ਮਾਂਵਾਂ ਦੇ ਹੰਝੂ ਨਾ ਵਹਾਓ
ਸਿਰਾਂ ਨੂੰ ਸਿਰ ਫਿਰੇ ਹੋਣ ਦੇ
ਖਿਤਾਬ ਤੋਂ ਬਚਾਓ
ਇਹਨਾਂ ਨੂੰ ਸੀਸ ਬਣਾਓ
ਮੁੰਡੀਰ੍ਹ ਨੂੰ ਗੁੰਡੇ ਨਹੀਂ
ਬੀਬੇ ਮੁੰਡੇ ਬਣਾਓ
ਮੇਰੇ ਪੰਜਾਬ ਦਿਓ
ਅਲਬੇਲੇ ਬੇਪ੍ਰਵਾਹ
ਮੌਤ ਨੂੰ ਮਖੌਲਾਂ ਕਰਨ ਵਾਲੇ
ਜਵਾਨੋ….