ਕਸ਼ਮੀਰੀ ਪੰਡਤਾਂ ਅਰਜ਼ ਗੁਜ਼ਾਰੀ।
ਹੇ ਦਾਤਾ ਹੇ ਜਾਨਣਹਾਰੀ॥
ਤੇਰੇ ਦਰ ਤੇ ਆਏ ਸੁਆਲੀ।
ਭਰ ਦਿਓ ਸਾਡੀ ਝੋਲੀ ਖਾਲੀ॥
ਅਸੀਂ ਗਏ ਹਾਂ ਜਿਉਂਦੇ ਮਾਰੇ।
ਟੁੱਟ ਗਏ ਨੇ ਸਭ ਸਹਾਰੇ॥
ਉਜੜ ਗਏ ਹਾਂ ਵਸਦੇ ਵਸਦੇ।
ਬਿਜਲੀ ਪੈ ਗਈ ਹਸਦੇ ਹਸਦੇ॥
ਇਉਂ ਪਈਆਂ ਸਾਡੇ ਤੇ ਧਾੜਾਂ।
ਭੰਨਦੇ ਸੂਰ ਨੇ ਜੀਕਰ ਵਾੜਾਂ॥
ਰੁੱਖ ਢਾਹੁੰਦੀ ਹੈ ਜਿਵੇਂ ਹਨੇਰੀ।
ਜੀਕਰ ਬੇੜੀ ਸ਼ੌਹ ਨੇ ਘੇਰੀ॥
ਖਾ ਖਾ ਕੇ ਇਸਲਾਮੀ ਡਾਂਗਾਂ।
ਵਗ ਪਈਆਂ ਅੱਖੀਆਂ ’ਚੋਂ ਕਾਗਾਂ॥
ਰੋਂਦੀ ਹੈ ਕਸ਼ਮੀਰ ਵਿਚਾਰੀ।
ਜਿਉਂ ਰੋਂਦੀ ਏ ਅਬਲਾ ਨਾਰੀ॥
ਉਬਲ ਰਹੇ ਬਰਫ਼ਾਂ ਦੇ ਸੀਨੇ।
ਲਹੂ ਵਗਦਾ ਏ ਵਾਂਗ ਪਸੀਨੇ॥
ਲੂਹ ਰਹੀਆਂ ਝੀਲਾਂ ਹਰਿਆਲੀ।
ਬਾਗ਼ ਉਜਾੜ ਰਹੇ ਨੇ ਮਾਲੀ॥
ਗਊ ਹਿੰਦੂ ਤੇ ਜ਼ੁਲਮ ਕਮਾਂਦੇ।
ਮੁਸਲਮਾਨ ਬਣਾਈ ਜਾਂਦੇ॥
ਜੇ ਨਾ ਕਰੀਏ ਜਾਨ ਗਵਾਈਏ।
ਅੱਖਾਂ ਸਾਹਮਣੇ ਪੁੱਤ ਮਰਵਾਈਏ॥
ਕੋਮਲ ਬੱਚੇ ਛੁਰੀਆਂ ਪਾੜੇ।
ਲੱਖਾਂ ਜਿਉਂਦਿਆਂ ਹੀ ਸਾੜੇ॥
ਬੀਰ ਬਹਾਦਰ ਵਿੰਨ੍ਹੇ ਤੀਰਾਂ।
ਅਹਿਲ ਜੁਆਨੀ ਹੋ ਗਈ ਲੀਰਾਂ॥
ਕੱਟ ਦਿੱਤੇ ਹੱਥ ਮਹਿੰਦੀ ਰੰਗੇ।
ਚੰਨ ਕਈਆਂ ਦੇ ਸੂਲੀ ਟੰਗੇ॥
ਲਿਸ਼ਕ ਰਹੀਆਂ ਖ਼ੂਨੀ ਤਲਵਾਰਾਂ।
ਸਿਰ ਪਏ ਰੁਲਦੇ ਵਿੱਚ ਬਜ਼ਾਰਾਂ॥
ਹਰ ਦਰਵਾਜ਼ੇ ਮੌਤ ਖਲੋਤੀ।
ਇੱਜ਼ਤ ਖ਼ਤਰੇ ਨਾਲ ਪਰੋਤੀ॥
ਏਸੇ ਤਰ੍ਹਾਂ ਜੇ ਹੁੰਦਾ ਆਇਆ।
ਨਾ ਰਹਿਸੀ ਹਿੰਦੂਆਂ ਦਾ ਸਾਇਆ॥
ਇਕ ਪਾਸੇ ਹੈ ਆਨ ਪਿਆਰੀ।
ਇਕ ਪਾਸੇ ਹੈ ਜਾਨ ਪਿਆਰੀ॥
ਕੀ ਛੱਡੀਏ ਤੇ ਕੀ ਅਪਣਾਈਏ।
ਕਿਸਨੂੰ ਆਪਣਾ ਹਾਲ ਸੁਣਾਈਏ॥
ਉਹ ਕਸ਼ਮੀਰ ਸੁਹੱਪਣ ਵਾਲਾ।
ਤੁਅੱਸਬ ਨੇ ਅੱਜ ਕੀਤਾ ਕਾਲਾ॥
ਦੁੱਖ ਸਹਿ ਸਹਿ ਕੇ ਜੀਂਦੇ ਪਏ ਹਾਂ।
ਖ਼ੂਨ ਜਿਗਰ ਦਾ ਪੀਂਦੇ ਪਏ ਹਾਂ॥
ਜੋ ਹੋਇਆ ਹੈ ਕਹਿ ਨਹੀਂ ਸਕਦੇ।
ਹੋਰ ਤਸੀਹੇ ਸਹਿ ਨਹੀਂ ਸਕਦੇ॥
ਪਹੁੰਚ ਗਏ ਹਾਂ ਕੋਲ ਤੁਹਾਡੇ।
ਮੁੱਕ ਜਾਵਣਗੇ ਦੁੱਖ ਅਸਾਡੇ॥
ਅੱਗੋਂ ਸਤਿਗੁਰ ਨੇ ਫ਼ਰਮਾਇਆ।
ਲੋੜੀਂਦਾ ਕੋਈ ਧਰਮੀ ਜਾਇਆ॥
ਦੇਸ਼ ਲਈ ਜੋ ਜਾਨ ਗਵਾਵੇ।
ਆਪਣੇ ਸਿਰ ਦੀ ਭੇਟ ਚੜ੍ਹਾਵੇ॥
ਧਰਮ ਲਈ ਜੋ ਮਰ ਸਕਦਾ ਹੈ।
ਉਹੀਓ ਦੁੱਖੜੇ ਹਰ ਸਕਦਾ ਹੈ॥
ਬੋਲ ਪਏ ਗੋਬਿੰਦ ਮੁਸਕਾਂਦੇ।
ਸਤਿਗੁਰ ਜੀ ਇਹ ਕੀ ਪਏ ਆਂਹਦੇ??
ਤੁਹਾਥੋਂ ਵੱਡਾ ਧਰਮੀ ਕਿਹੜਾ ?
ਦੁੱਖ ਇਨ੍ਹਾਂ ਦੇ ਕੱਟੇ ਜਿਹੜਾ॥
ਪੂੰਝ ਦਿਓ ਇਹਨਾਂ ਦੇ ਹੰਝੂ।
ਨਾ ਲੱਥਣ ਇਨ੍ਹਾਂ ਦੇ ਜੰਝੂ॥
ਦਾਤਾ ਛੱਡ ਕੇ ਤੇਰੇ ਦੁਆਰੇ।
ਕਿੱਥੇ ਜਾਵਣ ਇਹ ਦੁਖਿਆਰੇ??
ਕੌਣ ਇਹਨਾਂ ਨੂੰ ਦਏ ਦਲਾਸੇ।
ਲੁੱਟੇ ਗਏ ਜਿਹਨਾਂ ਦੇ ਹਾਸੇ॥
ਸਮਝੋ ਨਾ ਮੈਨੂੰ ਬਾਲ ਅੰਞਾਣਾ।
ਪਹਾੜਾਂ ਨਾਲ ਮੈਂ ਮੱਥਾ ਲਾਣਾ॥
ਮੈਂ ਪਲਸਾਂ ਤਲਵਾਰਾਂ ਉੱਤੇ।
ਫੁੱਲ ਪਲਦਾ ਜਿਉਂ ਖ਼ਾਰਾਂ ਉੱਤੇ॥
ਆਪਣੇ ਸੁੱਖ ਦੀ ਚਾਹ ਨਹੀਂ ਕੋਈ।
ਜੀਵਨ ਦੀ ਪ੍ਰਵਾਹ ਨਹੀਂ ਕੋਈ॥
ਸਤਿਗੁਰ ਮੇਰੀ ਰੱਖਿਆ ਕਰਸੀ।
ਮੇਰੇ ਸਾਰੇ ਸੰਕਟ ਹਰਸੀ॥
ਸੁਣ ਪੁੱਤਰ ਦੇ ਬੋਲ ਨਿਆਰੇ।
ਬੋਲੇ ਸਭ ਦੀ ਜਾਨਣ ਹਾਰੇ॥
ਪਰਖ ਰਿਹਾ ਸਾਂ ਪੁੱਤਰ ਤੈਨੂੰ।
ਕੀ ਦੇਨਾ ਏ ਉੱਤਰ ਮੈਨੂੰ॥
ਟੁਰ ਪਿਆ ਅੱਜ ਅਨੋਖਾ ਰਾਹੀ।
ਜਿਹਨੇ ਮੌਤ ਸੀ ਬੁੱਕਲ ਪਾਈ॥
ਮੰਜ਼ਿਲ ਟੁਰ ਪਈ ਰਾਹਾਂ ਉੱਤੇ।
ਦੇਸ਼ ਦੇ ਭਾਗ ਜਗਾਵਣ ਸੁੱਤੇ॥
ਕਹਿਣ ਲੱਗਾ ਜ਼ੁਲਮਾਂ ਦਾ ਮੋਢੀ।
ਮੋਮਨ ਹੋ ਜਾਵੇ ਜੇ ਸੋਢੀ॥
ਸਿਜਦਾ ਕਰਸੀ ਦੀਨ ਅਸਾਡਾ।
ਦਮ ਭਰਸੀ ਮਸਕੀਨ ਤੁਹਾਡਾ॥
ਜਿਉਂ ਲਗਦੀ ਏ ਸ਼ੇਰ ਨੂੰ ਗੋਲੀ।
ਜਿਉਂ ਕੋਈ ਮਾਰੇ ਕਿਸੇ ਨੂੰ ਬੋਲੀ॥
ਜਿਵੇਂ ਚੱਕੀ ਪੀਂਹਦੀ ਏ ਦਾਣੇ।
ਜਿਉਂ ਕੋਈ ਕੱਢੇ ਵੱਟ ਪੁਰਾਣੇ॥
ਜਿਉਂ ਰੜਕਣ ਅੱਖੀਆਂ ਵਿਚ ਰੋੜੇ।
ਬੋਲ ਉਹਦੇ ਇਉਂ ਲੱਗੇ ਕੋੜੇ॥
ਕਹਿਣ ਲਗੇ ਉਹ ਰੱਬ ਦੇ ਬੰਦੇ।
ਕਿਉਂ ਪਾਵੇਂ ਮਜ਼ਹਬਾਂ ਦੇ ਫੰਦੇ॥
ਖੂਨ ਕਿਸੇ ਦਾ ਵਹਿਣ ਨੀ ਦੇਣਾ।
ਰਾਜ ਜ਼ੁਲਮ ਦਾ ਰਹਿਣ ਨੀ ਦੇਣਾ॥
ਤੇਰੀ ਤੇਗ ਡਰਾ ਨਹੀਂ ਸਕਦੀ।
ਮੇਰਾ ਧਰਮ ਮਿਟਾ ਨਹੀਂ ਸਕਦੀ॥
ਹੁਣ ਤੂੰ ਆਪਣਾ ਜ਼ੋਰ ਵਿਖਾ ਲੈ।
ਭਾਵੇਂ ਤਲਵਾਰਾਂ ਲਿਸ਼ਕਾ ਲੈ॥
ਦੇਸ਼ ਮੈਨੂੰ ਲਲਕਾਰ ਰਿਹਾ ਏ।
ਖੂਨ ਉਛਾਲੇ ਮਾਰ ਰਿਹਾ ਏ॥
ਅੰਗ ਅੰਗ ਕੁਹਾਵਣ ਆਇਆਂ।
ਆਪਣਾ ਸੀਸ ਕਟਵਾਵਣ ਆਇਆਂ॥
ਖੂਨ ਮੇਰੇ ਦੀਆਂ ਵਹਿੰਦੀਆਂ ਧਾਰਾਂ।
ਪੈਦਾ ਕਰਸਨ ਕਈ ਤਲਵਾਰਾਂ॥
ਚਾਂਦਨੀ ਚੋਂਕ ਫਿਰ ਰੰਗ ਵਟਾਸੀ।
ਲਹੂ ਮੇਰੇ ਵਿੱਚ ਜਦੋਂ ਨਹਾਸੀ॥
ਭਾਰਤ ਮਾਂ ਹੁਣ ਕਦੇ ਨਾ ਰੋਸੀ।
ਹਰ ਬੰਦਾ ਰਖਵਾਲਾ ਹੋਸੀ॥
ਫੂਕ ਦੇਣਗੇ ਤੈਨੂੰ ਸ਼ਿਵਾਲੇ।
ਜਿਨ੍ਹਾਂ ਵਿੱਚ ਤੂੰ ਭਾਂਬੜ ਬਾਲੇ॥
ਏਨਾ ਕਹਿ ਕੇ ਦੋ ਜਗ ਵਾਲੀ।
ਘਾਲ ਗਏ ਫਿਰ ਘਾਲ ਨਿਰਾਲੀ॥
ਸਿਰ ਦੇ ਕੇ ‘ਤੂਫਾਨ’ ਹਟਾਇਆ।
ਡੁਬਦੇ ਧਰਮ ਨੂੰ ਬੰਨੇ ਲਾਇਆ॥