ਕਰ ਕਤਲ ਤੂ ਜਾਨੀ ਆਸ਼ਕ ਦਾ ਤੇਰੇ ਕਦਮਾਂ ਉਪਰ ਸਾਹ ਨਿਕਲੇ
ਐਵੇਂ ਫੇਰ ਛੁਰੀ ਤੂੰ ਹਲਕ ਉਤੇ ਨਾਂ ਸੀ ਨਿਕਲੇ ਨਾ ਆਹ ਨਿਕਲੇ
ਹੁੰਦੀ ਗ਼ਮ ਚੋਂ ਕਦੇ ਨਜਾਤ ਨਹੀਂ ਆਰਾਮ ਮੈਨੂੰ ਦਿਨ ਰਾਤ ਨਹੀ
ਸਾਨੂੰ ਫਟ ਕੇ ਪੁਛਦੇ ਬਾਤ ਨਹੀਂ ਐਸੇ ਦਿਲਬਰ ਬੇਪਰਵਾਹ ਨਿਕਲੇ
ਕੀ ਲੈਣਾ ਦੀਨ ਈਮਾਨ ਵਿਚੋਂ ਸਾਨੂੰ ਲਭਿਆ ਹੁਸਨ ਕੁਰਾਨ ਵਿਚੋਂ
ਭਾਵੇਂ ਨਿਕਲ ਜਾਵੇ ਜਾਨ ਵਿਚੋਂ ਪਰ ਦਿਲ 'ਚੋਂ ਨਾ ਤੇਰੀ ਚਾਹ ਨਿਕਲੇ
ਅਸਾਂ ਸਿਖਿਆ ਸਬਕ ਨਿਭਾਵਨ ਦਾ ਇਕ ਪਰੀਤ ਪਿਛੇ ਮਰ ਜਾਵਨ ਦਾ
ਤਾਂਹੀਓਂ ਲੁਤਫ ਹੈ ਇਸ਼ਕ ਕਮਾਵਨ ਦਾ ਵਿਚ ਦਿਲ ਦੇ ਦਿਲ ਦਾ ਰਾਹ ਨਿਕਲੇ
ਛਡ ਵਲ ਛਲ ਸਿਧਾ ਤੀਰ ਹੋ ਜਾ ਵਿਚ ਇਸ਼ਕ ਦੇ ਮਰ ਅਕਸੀਰ ਹੋ ਜਾ
ਇਸ ਹੁਸਨ ਸ਼ਮਾਂ ਦੀ ਲਾਟ ਉਤੇ ਤੇਰੀ ਜਲਕੇ ਖਾਕ ਸਵਾਹ ਨਿਕਲੇ
ਐਸੀ ਪਰੇਮ ਸਜਨ ਦੀ ਘਾਤ ਹੋਵੇ ਇਕ ਨੂਰ ਤੇ ਇਕੋ ਜ਼ਾਤ ਹੋਵੇ
ਉਹਦੇ ਇਸ਼ਕ ਅੰਦਰ ਹਰ ਬਾਤ ਹੋਵੇ ਉਹਦੀ ਯਾਦ ਅੰਦਰ ਹਰ ਸਾਹ ਨਿਕਲੇ
ਲਖਾਂ ਜਿੰਦੜੀ ਘੋਲ ਘੁਮਾਵਾਂ ਮੈਂ ਕਰਾਂ ਸਜਦੇ ਸਦਕੇ ਜਾਵਾਂ ਮੈਂ
ਚਕ ਖਾਕ ਅਖਾਂ ਵਿਚ ਪਾਵਾਂ ਮੈਂ ਦਿਲਦਾਰ ਮੇਰਾ ਜਿਸ ਰਾਹ ਨਿਕਲੇ
ਵਿਚ ਕਬਰ ਨਕਰਜਾਨ ਬੋਲਣਗੇ ਤੇਰੇ ਅਮਲਾਂ ਦੀ ਗਠੜੀ ਫੋਲਣਗੇ
ਉਸ ਵੇਲੇ ਉਲਫਤ ਯਾਰ ਵਾਲੀ ਤੇਰੇ ਕੋਲੋਂ ਹਸ਼ਮਤ ਸ਼ਾਹ ਨਿਕਲੇ