ਕਤਲ ਤੋਂ ਬਾਅਦ

ਕਤਲ ਤੋਂ ਬਾਅਦ ਦੂਸਰੇ ਕਤਲ ਤੀਕਰ 

ਆਓ ਬੈਠੋ ਮੇਰੇ ਨਾਲ ਕੋਈ ਬਾਤ ਕਰੋ

ਮੈਂ ਕੋਈ ਜੇਲ ਨਹੀਂ, ਜਾਸੂਸ ਨਹੀਂ 

ਹੜਬੜਾ ਕੇ ਤੁਸੀਂ ਜੋ ਬਕ ਦਿੱਤਾ 

ਮੈਂ ਉਸ ਨੂੰ ਦਿਲ 'ਚ ਸੰਭਾਲਾਂਗਾ 

ਜੀਊਂਦੀ ਛਿਲਤਰ ਵਾਂਗ 

ਤੇ ਮੇਰੀ ਪੀੜ

ਜਿਊਂਦੀ ਛਿਲਤਰਾਂ ਦੇ ਲਈ

ਕਤਲ ਤੋਂ ਬਾਅਦ ਦੂਸਰੇ ਕਤਲ ਤੀਕਰ 

ਆਓ ਬੈਠੋ ਮੇਰੇ ਨਾਲ ਮੇਰੀ ਚੁੱਪ ਬਣ ਕੇ 

ਸ਼ਰਾਬ, ਔਰਤ ਤੇ ਦੋਸਤਾਂ ਤੋਂ ਪਰ੍ਹਾਂ 

ਤੁਸੀਂ ਜੋ ਕਹਿਣੈਂ

ਸੋ ਆਖੋ ਖ਼ਮੋਸ਼ ਬੋਲੀ ਵਿਚ

ਕਿ ਇਸ ਜ਼ਬਾਨ ਦਾ ਮੈਂ ਹੀ ਇਕੱਲਾ ਮਾਲਕ ਹਾਂ 

ਕਤਲ ਦੇ ਬਾਅਦ ਵੀ ਜਿਹੜੀ ਜ਼ਮੀਰ ਮਰਦੀ ਨਹੀਂ 

ਮੈਂ ਸਿਰਫ਼ ਸੁਣਦਾ ਹਾਂ ਉਹੀਓ 

ਲੁਕਾਇਆ ਜਾਂਦੈ ਜੋ 

ਤੁਹਾਡੇ ਕਤਲ 'ਚ ਸ਼ਾਮਲ ਨਾ ਸਾਂ 

ਹੋਵਾਂਗਾ

ਤੁਹਾਡੇ ਦਰਦ 'ਚੋਂ ਖ਼ਾਰਜ ਵੀ ਮੈਂ ਨਹੀਂ ਹੋ ਸਕਦਾ 

ਚਲੇ ਵੀ ਆਓ ਜੀਊਂਦੇ ਸਮੇਂ ਦਾ ਸਾਹ ਬਣ ਕੇ 

ਕਤਲ ਤੋਂ ਬਾਅਦ ਦੂਸਰੇ ਕਤਲ ਤੀਕਰ 

ਜੋ ਮਹਿਕ ਮੌਲੀ ਹੈ

ਉਸ ਨੂੰ ਜ਼ਖ਼ਮ 'ਤੇ ਬਹਿਣ ਦਿਓ

📝 ਸੋਧ ਲਈ ਭੇਜੋ