ਕਥਾ ਦਰਿਆ ਦੀ ਆ

ਕਥਾ ਦਰਿਆ ਦੀ ਕੇ ਕਿਸ ਪੜਾਅ ’ਤੇ ਖ਼ਤਮ ਹੋਈ ਹੈ 

ਕਿ ਸੀਨੇ ਨਾਲ ਲਾ ਕੇ ਮੱਛੀਆਂ ਨੂੰ ਰੇਤ ਰੋਈ ਹੈ

ਚਮੇਲੀ ਵਿਲ੍ਹਕ ਉੱਠੀ ਹੈ ਕਲੇਜੇ ਲਗ ਕੇ ਚੰਨਣ ਦੇ 

ਕਿਸੇ ਨੇ ਪੈਲ ਪਾਉਂਦੇ ਮੋਰ ਦੇ ਬਰਛੀ ਖਭੋਈ ਹੈ

ਇਨ੍ਹਾਂ ਸਫ਼ਿਆਂ 'ਤੇ ਮੇਰੀ ਰੱਤ ਦੇ ਛਿੱਟੇ ਵੀ ਹੋਵਣਗੇ 

ਕਲਮ ਦੀ ਨੋਕ ਵਿਚ ਮੈਂ ਜਾਨ ਦੀ ਤਿਤਲੀ ਪਰੋਈ ਹੈ

ਇਹ ਅੱਖਰ ਆਤਸ਼ੀ ਰੰਗ ਦੇ ਕਿਤੋਂ ਬਾਹਰੋਂ ਨਹੀਂ ਮਿਲਦੇ 

ਮੈਂ ਆਪਣੇ ਜਜ਼ਬਿਆਂ ਦੇ ਲਾਵੇ ਵਿਚ ਕਾਨੀ ਡਬੋਈ ਹੈ

ਜ਼ਮਾਨਾ ਠੀਕਰਾਂ 'ਤੇ ਪੈਰ ਰੱਖ ਕੇ ਲੰਘਿਆ ਜਾਂਦਾ 

ਕਿਸੇ ਨੂੰ ਕੀ ਪਤਾ ਜੋ ਜਗਦੇ ਦੀਵਿਆਂ ਨਾਲ ਹੋਈ ਹੈ

📝 ਸੋਧ ਲਈ ਭੇਜੋ