ਕਥਾ ਸੋਲਾਂ ਸਹੇਲੀਆਂ ਕੀ (ਵਾਸੀ ਮੁਲਤਾਨ ਕੀ)

ਸਿਫਤਿ ਕਰਉਂ ਕਰਤਾਰ ਦੀ, ਜਿਨ ਸਿਰਜਿਆ ਸਭ ਕੋਇ

ਸਹੰਸ੍ਰ ਅਠਾਰਹ ਆਲਮਾਂ, ਰੋਜ਼ੀ ਦੇਂਦਾ ਸੋਇ

ਰੋਜ਼ੀ ਦੇਂਦਾ ਸਭ ਕਿਸੇ, ਰਿਜ਼ਕ ਭਿ ਦੇਂਦਾ ਓਇ

ਲਿਖਿਆ ਮਸਤਕਿ ਵਰ ਮਿਲਿਆ, ਮੇਟਿ ਸਕੈ ਕੋਇ

ਨਉਂ ਤੇ ਸੱਤ ਸਹੇਲੀਆਂ, ਨ੍ਹਾਵਣ ਚਲੀਆਂ ਜਾਇ

ਨ੍ਹਾਇ ਧੋਇ ਕੀਤੋ ਨੇ ਕਪੜੇ, ਬੈਠੀਆਂ ਚੰਗੀ ਥਾਂਇ

ਆਪੋ ਆਪਣੇ ਕੰਤ ਦੀ, ਗਾਲ ਕਰੈਂ ਸਭ ਆਇ ।੧।

ਪਹਿਲੀ ਕਹੈ ਸਹੇਲੜੀ, ਮੇਰਾ ਕੰਤ ਸੁਜਾਣ

ਸੁਘੜ ਸਿਆਣਾ ਸੋਇ ਨਰ, ਬੁਝੈ ਸਭ ਗਿਆਨ

ਮਤੀਂ ਦੇਂਦਾ ਚੰਗੀਆਂ, ਚੰਗੇਵਾਈ ਸੋਇ

ਸਹਰਾ ਦੇਖਾਂ ਹਰ ਕਦੀ, ਅਹਰਾ ਕਦੀ ਹੋਇ

ਵਰ ਸਾ ਜੀ ਨੂੰ ਅਗਲਾ, ਸੇਜ ਰਵੇਂਦਾ ਚਾਇ

ਗਾਲੀ ਕਰੈ ਮਨ ਭਾਉਂਦੀਆਂ, ਸੁਖ ਸੋ ਰੈਣ ਵਿਹਾਇ

ਕਦੀ ਦਿਤੋਸੁ ਮੇਹਣਾ, ਕਦੀ ਦਿਤੋਸੁ ਗਾਲ੍ਹ

ਸਾਈਂ ਦਿਤੁ ਸੁ ਜਾਲਣਾ, ਚੰਗੇ ਮਾਹਣੂ ਨਾਲਿ ।੧।

ਦੂਜੀ ਕਹੈ ਸਹੇਲੜੀ, ਮੈਂ ਵਰ ਮੂਰਖ ਲਧੁ

ਅਣਧੋਤੇ ਮੂੰਹ ਵਤਣਾ, ਫਿਰ ਘਰਿ ਆਵੈ ਸੰਝ

ਪੈਕਾ ਖੱਟਿ ਆਵਦਾ, ਰੋਟੀਆਂ ਮੰਗੇ ਪੰਜ

ਜੇ ਮੈਂ ਝੂਰਾਂ ਜੇ ਝੁਖਾਂ, ਤੈ ਸਹੁ ਖਬਰਿ ਕਾਇ

ਜਿੰਦ ਗਵਾਇਮੁ ਝੂਰ ਝੁਖ, ਨੈਣ ਗਵਾਇਮੁ ਰੋਇ

ਮੂਰਖ ਸੇਤੀ ਜਾਲਣਾਂ, ਸਾਂਈਂ ਕਿਸੈ ਹੋਇ ।੨।

ਤੀਜੀ ਕਹੈ ਸਹੇਲੜੀ, ਮੇਰਾ ਕੰਤ ਵਿਝਾਰ

ਕੀਮਤਿ ਜਿਸ ਘਰਿ ਅਗਲੀ, ਲੱਖਾਂ ਕਰੈ ਵਪਾਰ

ਸਕੇ ਸੋਰੇ ਦੁਬਲੇ, ਸਭਨੀਂ ਲਹਿੰਦਾ ਸਾਰੁ

ਭੱਟ ਬ੍ਰਾਹਮਣ ਜਾਚਕਾਂ, ਹਸਿ ਹਸਿ ਦੇਂਦਾ ਦਾਨ

ਦਿਲ ਜਿਸੈ ਦਾ ਪਾਤਸ਼ਾਹ, ਸੁਨੋ ਸਖੀ ਦੇ ਕਾਨ ।੩।

ਚਉਥੀ ਕਹੈ ਸਹੇਲੜੀ, ਮੈਂ ਨਰ ਲੱਧਾ ਸੂਮ

ਜੈ ਘਰਿ ਕੋਈ ਆਂਵਦਾ, ਭੱਟ, ਬ੍ਰਾਹਮਣ, ਡੂਮ

ਪੈਕਾ ਕਿਸੇ ਦੇਂਵਦਾ, ਲੁੱਝੀ ਲਾਵਣਹਾਰ

ਸਕੇ ਸੋਰੇ ਤਿਸੈ ਨੂੰ, ਮਿਲਿ ਮਿਲਿ ਕਰਨ ਖੁਆਰੁ

ਸੁਣਹੁ ਸਖੀ ਮੇਰੇ ਕੰਤ ਦਾ, ਨਿਤ ਨਿਤ ਬੁਰਾ ਹਵਾਲ ।੪।

ਪੰਜਵੀਂ ਕਹੈ ਸਹੇਲੜੀ, ਮੈਂ ਵਰੁ ਸੂਰੋ ਕੰਤੁ

ਨਾਲਿ ਮਲੂਕਾਂ ਸੋ ਬਹੈ, ਸਦਾ ਹਸੰਤਿ ਖੇਲੰਤਿ

ਤਾਜ਼ੀ ਤੁਰਕੀ ਸੋਹਣੇ, ਬਾਜ਼ਨ ਤੇ ਦਰਬਾਰ

ਚੜ੍ਹੇ ਰਕੇਬਾਂ ਲੱਤ ਦੈ, ਲੱਕ ਬੱਧੇ ਤਲਵਾਰ

ਸਨਮੁਖ ਹੋਇਕੈ ਸੋ ਲੜੇ, ਆਵਸਿ ਦਾਉ ਕੁਦਾਉ

ਦਲ ਵਿਚਿ ਕੰਡ ਦੇਂਵਦਾ, ਧੰਨੁ ਸਿ ਜਣਿਆ ਮਾਉ ।੫।

ਛਿਹਵੀਂ ਕਹੈ ਸਹੇਲੜੀ, ਕਾਇਰ ਕੰਤ ਲਧੋਮਿ

ਵਸੁ ਮਹਿੰਡਾ ਕੋ ਨਹੀਂ, ਲਿਖਿਆ ਵਰ ਮਿਲਿਓਮਿ

ਕਦੀ ਲਾੜਾ ਮਾਰਿਓ, ਚੜ੍ਹਿ ਘੋੜੇ ਅਸਵਾਰ

ਪਿਛੈ ਲਗਾ ਸੋ ਫਿਰੈ, ਮੈਂ ਦੇਂਦੀ ਲਜ ਮਾਰਿ ।੬।

ਸੱਤਵੀਂ ਕਹੈ ਸਹੇਲੜੀ, ਮੇਰਾ ਕੰਤੁ ਦਾਤਾਰੁ

ਦਿਲ ਜਿਸੈ ਦਾ ਪਾਤਸ਼ਾਹੁ, ਰਤਨੀਂ ਕਰੇ ਵਾਪਾਰੁ

ਸਾਧੂ ਸੰਤ ਫ਼ਕੀਰ ਦੀ, ਹਸਿ ਹਸਿ ਕਰਦਾ ਸਾਰੁ

ਗਰੀ ਛੁਹਾਰਾ ਸੇਜ ਸਿਰਿ, ਮੇਵਾ ਖਾਵੈ ਨਿਤ

ਸੁਣਹੁ ਸਖੀ ਮੇਰੇ ਕੰਤ ਦਾ, ਸਰਵਰ ਜੇਡਾ ਚਿਤੁ ।੭।

ਅੱਠਵੀਂ ਕਹੈ ਸਹੇਲੜੀ, ਨਿਰਧਨ ਮਹੀਂ ਭਤਾਰ

ਮੂੜੀ ਜਿਸ ਨਹੀਂ ਆਪਣੀ, ਕੇਤਾ ਕਰੈ ਵਾਪਾਰੁ

ਜੇ ਧਨ ਪੱਲੇ ਆਪਣੇ, ਭੀ ਰਲੀਆਂ ਚਾਉ ਕਰੇਇ

ਸੱਦੇ ਬਾਝਹੁੰ ਆਪਣੇ, ਸਾਈ ਕਿਸੈ ਦੇਇ ।੮।

ਨਾਵੀਂ ਕਹੈ ਸਹੇਲੜੀ, ਮੈਂ ਵਰ ਆਪੁ ਜੁੜਾਣ

ਮੁਢ ਵਿਚ ਇਕੋ ਜੇਹਵੇ, ਇਕੋ ਜੇਹਵਾ ਹਾਣ

ਮੁੰਹ ਪਰਿ ਕਾਲੀ ਮਸੁ ਹੈ, ਆਪ ਤਾਂ ਤਰਲ ਜੁਆਣੁ

ਉਸ ਦੇਖੇ ਮੈਂ ਨੀਂਹ ਹੈ, ਮੈਂ ਦੇਖੇ ਉਸ ਚਾਉ

ਹੇਤ ਦੋਹਾਂ ਦਾ ਅਗਲਾ, ਜਿਉਂ ਰਾਮ ਸੀਤਾ ਦਾ ਸਾਉ ।੯।

ਦਸਵੀਂ ਕਹੈ ਸਹੇਲੜੀ, ਮੈਂ ਵਰ ਬੁੱਢਾ ਅਤਿ

ਦੁਨੀਆ ਦੇ ਲੜਿ ਲੋਭ ਕੈ, ਮਾਂ ਪਿਉ ਸਾੜੀ ਘਤਿ

ਸੁਤੇ ਇਕਤੇ ਸੇਜ ਪਰਿ, ਏਵੈਂ ਭਈ ਨਿਰਾਸ

ਮੰਦਾ ਮਸਤਕ ਲਿਖਿਆ, ਕਦੀ ਹੋਂਦਾ ਰਾਸਿ

ਕਦੀ ਬਰਕਤਿ ਉਸ ਵਿਚ, ਸੇਜ ਭਿਜਾਈ ਰੋਇ

ਬੁੱਢਾ ਮਸਤਕਿ ਲਿਖਿਆ, ਮੇਟ ਸਕੈ ਕੋਇ ।੧੦।

ਯਾਰ੍ਹਵੀਂ ਕਹੈ ਸਹੇਲੜੀ, ਬਾਲਕ ਮੇਰਾ ਕੰਤੁ

ਖਬਰਿ ਨਹੀਂ ਜਿਸ ਆਪਣੀ, ਚਿੰਤਾ ਕਰੀ ਅਨੰਤ

ਸੇਜੈ ਕਦੀ ਆਇਓ, ਨੈਣ ਗਵਾਏ ਰੋਇ

ਜੋਬਨ ਦੀ ਰੁਤ ਸਭ ਗਈ, ਕਦੀ ਮੇਲਾ ਹੋਇ

ਮੈਂ ਲੋੜੀਂ ਸ਼ਹੁ ਆਪਣਾ, ਤੈਂ ਸਹੁ ਖਬਰਿ ਕਾਇ

ਨਿੱਕੇ ਵਰ ਨੂੰ ਦੇਂਦਿਆਂ, ਨਿਜ ਜਣੇਂਦੀ ਮਾਇ ।੧੧।

ਬਾਰ੍ਹਵੀਂ ਕਹੈ ਸਹੇਲੜੀ, ਮੇਰਾ ਕੰਤੁ ਮਲੂਕੁ

ਕਉੜਾ ਬੋਲਿ ਜਾਣਦਾ, ਸੁੰਦ੍ਰ ਰੂਪ ਅਨੂਪ

ਬਿਧਾਤੇ ਲੇਖੁ ਬਣਾਯਾ, ਮੇਰੈ ਘਰਿ ਆਨੰਦ

ਕਰਦੀ ਭੋਗ ਬਿਲਾਸ ਨਿਤ, ਕਦੀ ਮਨ ਤਨ ਭੰਗੁ

ਵਰ ਐਸਾ ਜਿਂਹ ਸਖੀ ਦਾ, ਜਾਂ ਕੈ ਮਸਤਕਿ ਭਾਗੁ

ਸੁਣੋ ਸਖੀ ਮੇਰੇ ਕੰਤ ਦਾ, ਮੈਂ ਘਰਿ ਸਦਾ ਸੁਹਾਗੁ ।੧੨।

ਤੇਰ੍ਹਵੀਂ ਕਹੈ ਸਹੇਲੜੀ, ਅੰਧਾ ਮਹੀਂ ਭਤਾਰੁ

ਵਸੁ ਮਹਿੰਡਾ ਕੋ ਨਹੀਂ, ਜੋ ਲਿਖਿਆ ਕਰਤਾਰੁ

ਬਿਨੁ ਨੈਣਾਂ ਜੋ ਜੀਵਣਾ, ਜਨਮੁ ਅਕਾਰਥ ਖੋਇ

ਬਿਰਥਾ ਜਨਮ ਗਵਾਯਾ, ਦਰਗਹਿ ਚਲਿਆ ਰੋਇ

ਸਿੰਮਲ ਰੁਖ ਸਰੇਵਿਆ, ਫਲ ਆਇਆ ਹਥਿ

ਦੁਖ ਕਰੰਮੈ ਲਿਖਿਆ, ਸੁਖ ਪਾਇਆ ਕਿਤ ਭਤਿ ।੧੩।

ਕਹੈ ਸਹੇਲੀ ਚੌਧਵੀਂ, ਮੈਂ ਵਰ ਪਾਇਆ ਸਾਧੁ

ਕਰਦਾ ਕਿਰਤ ਨਿਤ ਧਰਮ ਦੀ, ਕਰਦਾ ਅਪਰਾਧੁ

ਕਦੀ ਕਿਸੈ ਦੁਖਾਵੰਦਾ, ਨੀਵਾਂ ਮਸਤਕਿ ਜਿਸੁ

ਜਿਹਵਾ ਮੀਠਾ ਬੋਲਦਾ, ਬੁਰਾ ਬੋਲੈ ਕਿਸ

ਧੰਨ ਜਣੇਂਦੀ ਮਾਉ ਤਿਸ, ਕਰਮ ਲਿਖਿਆ ਸੀ ਮੋਹਿ

ਸੁਣਹੁ ਸਹੇਲੀ ਮੇਰੀਅਹੁ, ਮੈਂ ਸੁਖੀ ਤਿਹੁੰ ਲੋਇ ।੧੪।

ਪੰਧਰਵੀਂ ਕਹੈ ਸਹੇਲੜੀ, ਮੈਂ ਵਰੁ ਪਾਇਆ ਚੋਰੁ

ਕਦੀ ਮੇਵਾ ਲੈ ਆਂਵਦਾ, ਕਦੀ ਹਥਿ ਆਵੈ ਰੋਰੁ

ਜਦ ਚੋਰੀ ਉਠਿ ਧਾਂਵਦਾ, ਮਨ ਤਨ ਕੰਪੈ ਮੁਝ

ਨੰਗੇ ਭੁਖੇ ਸਭਸ ਦਾ, ਜਲਦੀ ਛਾਤੀ ਰੁਝ

ਡਰੇ ਸੁ ਹਿਰਦਾ ਰਾਤ ਦਿਨ, ਮਨ ਤਨ ਅੰਤਰਿ ਪੀੜ

ਸੁਣਹੁ ਸਹੇਲੀ ਮੇਰੀਅਹੁ, ਦੁਖਾਂ ਭਰਿਆ ਸਰੀਰੁ ।੧੫।

ਕਹੈ ਸਹੇਲੀ ਸੋਲ੍ਹਵੀਂ, ਮੈਂ ਵਰੁ ਲੱਧਾ ਸੰਤੁ

ਬੇਪ੍ਰਵਾਹ ਸਦਾ ਹੈ, ਏਵਡ ਪਾਇਆ ਕੰਤੁ

ਮੂੰਹ ਤਿਸਦਾ ਅਤਿ ਸੋਹਣਾ, ਮਨ ਤਨ ਅਤਿ ਗੁਲਾਲੁ

ਮੂੰਹ ਤੇ ਮਿਠਾ ਬੋਲਦਾ, ਰੰਗੁ ਬਣਾਇਆ ਲਾਲੁ

ਦਸਵੇਂ ਘਰਿ ਔਤਾਕ ਜਿਸੁ, ਪੂਰਨ ਤਾਂਕੇ ਭਾਗ

ਸਾਧੂਜਨ ਕੀ ਬੇਨਤੀ, ਗੁਰ ਕੀ ਚਰਣੀਂ ਲਾਗਿ ।੧੬।

📝 ਸੋਧ ਲਈ ਭੇਜੋ