ਕਠਿਨ ਜ਼ਿੰਦਗੀ ਸੀ ਸਰਲ

ਕਠਿਨ ਜ਼ਿੰਦਗੀ ਸੀ ਸਰਲ ਹੋ ਗਈ ਹੈ

ਮੇਰੀ ਜਾਨ ਤਾਜ਼ਾ ਗ਼ਜ਼ਲ ਹੋ ਗਈ ਹੈ।

ਮੁਕੱਦਰ ਮੇਰਾ ਰੁਸ ਗਿਆ ਸੀ ਮੇਰੇ ਤੋਂ

ਮੁਹੱਬਤ ਮਗ਼ਰ ਅੱਜ ਕਲ੍ਹ ਹੋ ਗਈ ਹੈ।

ਅਕੀਦਾ ਨਹੀਂ ਲੋਕਤੰਤਰ ’ਚ ਕੋਈ

ਇਹ ਕੈਸੀ ਚੁਣਾਵੀ ਨਸਲ ਹੋ ਗਈ ਹੈ!

ਘਟਾ ਖ਼ੂਬ ਬਰਸੀ ਤੇ ਹੰਝੂ ਵੀ ਆਏ

ਮੇਰੇ ਮੀਤ ਦੀ ਅੱਖ ਸਜਲ ਹੋ ਗਈ ਹੈ।

ਕਿਵੇਂ ਯਾਦ ਤੇਰੀ ਮੈਂ ਦਿਲ ਚੋਂ ਭੁਲਾਵਾਂ

ਨਸ਼ਾ ਹੋ ਗਈ ਹੈ ਅਮਲ ਹੋ ਗਈ ਹੈ।

ਮਹੀਂਵਾਲ ਰਟਦੀ ਮਹੀਂਵਾਲ ਜਪਦੀ

ਮਹੀਂਵਾਲ ਹੀ ਦਰਅਸਲ ਹੋ ਗਈ ਹੈ।

ਨਾ ਫਲ ਖਾ ਸਕੇ ਨਾ ਹੀ ਤ੍ਰਿਸ਼ਨਾ ਮਿਟੀ ਹੈ

ਉਵੇਂ ਤਾਂ ਬੜੀ ਹੀ ਫਸਲ ਹੋ ਗਈ ਹੈ।

ਉਹ ਝੁੱਗੀ ਜ੍ਹਿਦੇ ਵਿਚ ਉਮਰ ਮੈਂ ਬਿਤਾਈ

ਤੇਰੇ ਆਉਣੇ ਤੇ ਮਹਿਲ ਹੋ ਗਈ ਹੈ।

ਜਦੋਂ ਵੀ ਤੂੰ ਆਵੇਂ ਚਮਨ ਮਹਿਕ ਜਾਵੇ

ਦੁਆ ‘ਉੱਪਲ’ ਦੀ ਸਫ਼ਲ ਹੋ ਗਈ ਹੈ।

📝 ਸੋਧ ਲਈ ਭੇਜੋ