ਕੱਤਕ ਦੀ ਪੁੰਨਿਆ ਰੋ ਪਰਸੇ,
ਵਣ, ਨਹਿਰਾਂ, ਧਰ ਸਾਵੀ।
ਦਹਿਲ ਪੁਰਾਣੇ ਠੱਲ੍ਹ ਨ ਹੁੰਦੇ,
ਡੂਬ ਡੁਬ ਜਾਵੇ ਰਾਵੀ।
ਨਿਹਚਲ ਲੋਅ ਅਨੰਤ ਪਈ ਥਰਕੇ,
ਭਰੇ ਸੋਹਣੀਆਂ ਬਾਰਾਂ।
ਦੂਰ ਸੁਨੇਹੇ ਦੇਣ ਲਈ ਖੜੀਆਂ,
ਸੈ ਬਿਰਖਾਂ ਦੀਆਂ ਡਾਰਾਂ।
ਵੱਡੇ ਤੜਕੇ ਚੰਨ ਦੇ ਸਾਹਮੇ,
'ਵਾਜ ਦੂਰ ਜਾਂ ਨੇੜੇ।
ਕਿੱਥੇ ਸਮੇਂ ਨੇ ਪਰਬਤ ਭਾਰੇ,
ਚੁੱਕ ਕੇ ਅੱਥਰੂ ਕੇਰੇ ?
ਸੁੱਕ ਮੋਏ ਅਜਨਬੀ ਪੈਂਡੇ,
ਪਿਆਸੇ ਬਿਰਖ ਨਿਥਾਵੇਂ।
ਕਿਸ ਗੁਨਾਹ ਦਾ ਧਰਤੀ ਉੱਤੇ,
ਭਾਰ ਪਾਉਣ ਪ੍ਰਛਾਵੇਂ ?
ਝੁਲਸ ਜਾਂਦੀਆਂ ਛੁਹ ਕੇ ਮਸਤਕ,
ਅੰਧ ਕੁੰਟ ਚੋਂ ਬੂੰਦਾਂ।
ਪਰੇ ਪਰੇ ਟਿੱਬਿਆਂ ਤੋਂ ਵੇਖਣ,
ਕਿਸ ਰਾਹੀ ਨੂੰ ਕੂੰਜਾਂ ?
ਸਮੇਂ ਦਿਆਂ ਬੁੱਲਿਆਂ ਦੇ ਸਿਰ 'ਤੇ,
ਦੂਰ ਵਾਲ ਕੋਈ ਝੁੱਲੇ।
ਮੋਇਆਂ ਕਾਫ਼ਲਿਆਂ ਦੀ ਡਾਢੀ,
ਜਾਨ ਕਹਿਰ ਵਿਚ ਖੁੱਲੇ।
ਦੂਰੋਂ ਅੰਬਰ ਦੇਣ ਸੁਨੇਹੇ,
ਲੰਘ ਸਮੇਂ ਦੀਆਂ ਊਂਘਾਂ।
ਭੀੜੇ ਦਰ ਹੰਝੂਆਂ ਦੇ ਥਾਣੀ,
ਲੰਘ ਨ ਸਕੀਆਂ ਕੂੰਜਾਂ।
ਧਰਤੀ ਚੁੱਪ ਦਾ ਭਾਰ ਨ ਸੁੱਟੇ,
ਅੰਬਰ ਕੋਲ ਨ ਖਾਰੀ।
ਪੈੜ ਪੈੜ 'ਤੇ ਪੱਥਰਾਂ ਵਾਂਗੂੰ,
ਵਜਦੇ ਸੁਪਨੇ ਭਾਰੀ।
ਚਹੁੰ ਕੂੰਟਾਂ ਵਿਚ ਵੇਖ ਰਿਹਾ ਮੈਂ,
ਦਿਸਦੀ, ਦਿਸੇ ਨ ਰਾਵੀ।
ਬੋਲ ਨ ਸਕੀਆਂ ਪੈੜਾਂ ਕੁਝ ਵੀ,
ਘੁੰਡ ਨ ਚੁਕਦੀ ਭਾਵੀ।
ਬੋਲ ਨ ਨ ਸੱਕੇ ਭੁੱਲੇ ਪੈਂਡੇ,
ਬੋਲ ਨ ਸਕੀਆਂ ਬਾਰਾਂ।
ਦੂਰ ਚਾਨਣੀ ਦੇ ਵਿਚ ਖੜੀਆਂ,
ਬੋਲ ਨ ਸਕੀਆਂ ਨਾਰਾਂ।
ਨਹਿਰਾਂ ਦੇ ਕੰਢਿਆਂ 'ਤੇ ਉਡਦਾ,
ਬੁੱਲਾ ਕੱਲਮ ਕੱਲਾ।
ਜਾਨ ਕਿਸੇ ਕਾਫ਼ਲੇ ਦੀ ਇਹ,
ਫੜੇ ਧਰਤ ਦਾ ਪੱਲਾ।
ਬ੍ਰਿਛਾਂ ਛਾਵੇਂ ਬੁੱਤ ਖੜੇ ਸੈ,
ਵੇਖੋ ਸ਼ੁਤਰ ਸੁਆਰਾਂ।
ਲਖ ਸਾਲਾਂ ਦਾ ਬੋਲ ਕੋਈ ਮੈਂ,
ਅੱਪਣੇ ਨਾਲ ਉਤਾਰਾਂ।
ਖੁਲ੍ਹੀਆਂ ਬਾਵਰੀਆਂ ਵਿਚ 'ਵਾਵਾਂ,
ਹਿੱਲਣ ਵਾਂਗ ਸਰਾਲਾਂ।
ਪੀ ਚਾਨਣੀ ਕਹਿਕਸ਼ਾਂ ਦੇ
ਹੜ੍ਹ ਵਿਚ ਮਾਰਨ ਛਾਲਾਂ।
ਇਕ ਪਲ ਆਣ ਕਿਸੇ ਨੇ ਭਾਵੇਂ
ਅੰਬਰ ਫੇਰ ਸ਼ਿੰਗਾਰੇ;
ਚੁੱਪ ਤਾਰਿਆਂ ਦੀ ਵਿਚ ਡੁੱਬਣ,
ਬੋਲ ਧਰਤ ਦੇ ਭਾਰੇ।
ਮੈਂ ਕਿਹਾ : “ਜਾਂ ਭੁੱਲੀਆਂ ਧੂੜਾਂ,
ਚਾਨਣੀ ਵਿਚ ਪਛਾਣਾਂ :
ਕੌਣ ਮਿਰੇ ਸਾਹਾਂ ਨੂੰ ਪੀਂਦਾ,
ਡਾਢਾ ਕੌਣ ? ਨ ਜਾਣਾਂ।
“ਹੌਲ ਹਵਾ ਨੂੰ ਪੈਂਦੇ ਭੈਣੇ,
ਸੂਰਤ ਦਿਸੇ ਨ ਤੇਰੀ।
ਖ਼ੂਨੀ ਸਾਂਗ ਖੋਭ ਵਿਚ ਤਬਕਾਂ,
ਲਰਜ਼ੇ ਘੁੰਮਨ ਘੇਰੀ।”
ਸੁਪਨੇ ਦੇ ਸਾਲੂ ਵਿਚ ਲਿਪਟੀ,
ਰਾਵੀ ਦੀਪ ਜਗਾਵੇ :
“ਲੰਮੀ ਰੈਣ ਮੌਤ ਦੀ ਵੀਰਾ,
ਨਾਲ ਚਾਨਣੀ ਜਾਵੇ।
“ਧਰ ਦੇ ਮੋਹ ਬਿਨਾਂ ਇਲਮਾਂ ਦੇ,
ਖ਼ਾਲੀ ਰਹਿਣ ਚੁਬਾਰੇ।
ਰੋਂਦੇ ਹੋਏ ਮਜ਼ਾਰਾਂ ਦੇ ਜਿਉਂ,
ਬੂਹੇ ਰਹਿਣ ਸ਼ਿੰਗਾਰੇ।
“ਪੈੜ ਜਦੋਂ ਕੌਮਾਂ ਨੂੰ ਅੱਪਣੀ,
ਥਲ ਵਿਚ ਯਾਦ ਨ ਆਵੇ।
ਤਦ ਉਡਦਾ ਬਾਜ਼ਾਂ ਦਾ ਲਸ਼ਕਰ,
ਭੈਅ ਵਿਚ ਖੰਭ ਗਿਰਾਵੇ।
“ਧਰ ਦੇ ਮੋਹ ਬਿਨਾਂ ਬਿਰਹਾ ਦੇ,
ਸੁੱਕੇ ਸਰ ਕੁਮਲਾਂਦੇ।
ਡਿੱਗ ਅਗਾਸ ਹੌਲ ਦੀ ਝੋਲੀ,
ਚੋਰ ਜਿਉਂ ਤੇਗ ਲੁਕਾਂਦੇ ।
“ਯਾਦ ਨ ਆਉਂਦੇ ਜਿੰਦੜੀ ਨੂੰ ਜਾਂ,
ਦਰਿਆਵਾਂ ਦੇ ਪਾਣੀ;
ਤਦੋਂ ਵਡੇਰਿਆਂ ਦੇ ਅੰਬਰ ਨੂੰ,
ਛਡਦੀ ਜਿੰਦ ਨਿਮਾਣੀ।
“ਅੱਪਣੇ ਦਰ ਨੂੰ ਬਾਰ ਬਿਗਾਨਾ,
ਮੰਨ ਜਦੋਂ ਕੋਈ ਜੀਵੇ :
ਬਦਨਸੀਬ ਅੱਥਰੂ ਪਰਦੇਸੀ
ਹੌਲ ਚਰਖ ਦਾ ਪੀਵੇ।
“ਅੱਥਰੂ ਦੀ ਚੁੱਪ ਜਦੋਂ ਨ ਸਾਂਭੇ,
ਸਮਿਆਂ ਦੀ ਬਰਬਾਦੀ;
ਸੁੱਕੇ ਬਾਗ਼ਾਂ ਵਿਚ ਆਉਂਦੀਆਂ,
ਹੋ ਮਾਵਾਂ ਫ਼ਰਿਆਦੀ।
“ਜਦੋਂ ਕਾਫ਼ਲੇ ਦੀਆਂ ਧੂੜਾਂ ਤੋਂ
ਮਿਟਦੇ ਨਕਸ਼ ਬਾਬਾਣੀ,
ਅਨਹੱਦ ਸੁਰਤਿ ਤੇਰੀ ਵਿਚ ਮਿਟਦੀ,
ਪੀਰ ਫ਼ਕੀਰ ਦੀ ਬਾਣੀ।
“ਚਾਕ ਮਹੀਂ ਦਾ ਜੂਹ ਨਨਕਾਣੇ,
ਭੁੱਲ ਸੌਣ ਜਦ ਅੱਖਾਂ;
ਕੱਤਕ ਦੀ ਪੁੰਨਿਆ ਤਨ ਖੁਭਦੇ
ਡੰਗ ਵਿਸ਼ੈਲੇ ਲੱਖਾਂ
“ਪਿਆਸੀ ਕੂੰਜ ਵਾਂਗ ਉਡ ਜਾਵਾਂ,
ਵਿਚ ਬੇਗਾਨੀਆਂ ਫ਼ਜਰਾਂ।
ਛਿਪ ਜਾਵਾਂ ਮੈਂ ਵਾਂਗ ਤਾਰਿਆਂ,
ਪਾਰ ਤੇਰੀਆਂ ਨਜ਼ਰਾਂ।
ਐਪਰ ਮਨ ਬਹੁ ਰੰਗ ਨਿਹਾਲੇ,
ਸੁੱਕਿਆਂ ਬਾਗ਼ਾਂ ਦੁਆਰੇ।
ਅਸਮਾਨਾਂ ਦੀ ਚੁੰਝ 'ਚ ਬਲਦੇ,
ਭੇਦ ਧਰਤ ਦੇ ਪਿਆਰੇ :-
“ਖ਼ਾਕ ਜਦੋਂ ਪੀਰ ਦੇ ਦਰ ਦੀ
ਆਵੇ ਸੁਰਤਿ ਜਗਾ ਕੇ;
ਨੂਰ ਗਗਨ ਤੋਂ ਉੱਚਾ ਕੋਈ
ਬ੍ਰਿਛ ਸਾਂਭਦੇ ਆ ਕੇ।
“ਜਦੋਂ ਘਾਇਲ ਯੂਸਫ਼ ਦਾ ਅੱਥਰੂ
ਦੇਸ ਜ਼ੁਲੈਖਾਂ ਜਾਵੇ;
ਬਘਿਆੜਾਂ ਦੀ ਗੁਫ਼ਾ 'ਚ ਕਿਧਰੋਂ,
ਛਲ ਜ਼ਮਜ਼ਮ ਦੀ ਗਾਵੇ।
“ਮਾਂ ਦੇ ਵਾਂਗ ਥਲਾਂ ਦੀ ਆਤਿਸ਼,
ਜਦੋਂ ਕਦੇ ਤਨ ਬਾਲੇ;
ਦੀਵਿਆਂ ਵਾਂਗ ਮੌਤ-ਘਰ ਬਲਦੇ,
ਤਦ ਸੱਸੀ ਦੇ ਛਾਲੇ।
“ਬਿਹਬਲ ਖ਼ਾਕ ਤਦੋਂ ਉਠ ਚੱਲੇ,
ਨਾਲ ਮਾਹੀ ਦੀਆਂ ਗੱਲਾਂ।
ਕਿਸ ਪਾਸੇ ਕੋਈ ਬੋਲ ਪਿਆਰਾ,
ਖੇਡ ਰਿਹਾ ਵਿਚ ਛੱਲਾਂ।”