ਐ ਅਹੁਦਿਆਂ ਦੇ ਆਲੰਬਰਦਾਰੋ !
ਕੁਰਸੀਆਂ ਤੇ ਬਿਰਾਜਮਾਨ
ਵੱਡਿਓ ਸਰਦਾਰੋ !
ਜਵਾਬ ਦੇਣਾ ਪਵੇਗਾ ਇੱਕ ਦਿਨ...
ਤੁਸੀਂ ਜੋ ਕੁਰਸੀ ਦੇ ਹੰਕਾਰ ’ਚ
ਅੰਨ੍ਹੇ ਹੋ ਗਏ
ਅਹੁਦਿਆਂ ਨੇ ਚਾੜ੍ਹ ਦਿੱਤੀ
ਤੁਹਾਡੀਆਂ ਅੱਖਾਂ ਤੇ ਚਰਬੀ
ਤੁਹਾਨੂੰ ਲੱਗਣ ਲੱਗਿਆ
ਕਿ ਸਿਰਫ਼ ਤੁਸੀਂ ਹੋ
ਜਿਹੜੇ ਮਿੱਟੀ ਦੇ ਕਿਣਕੇ ਨੂੰ
ਅਸਮਾਨ ਚੜ੍ਹਾ ਸਕਦੇ ਹੋ
ਜਿਹੜੇ ਮਾਮੂਲੀ ਬੰਦਿਆਂ ਦੇ ਸਿਰ ਤੇ
ਇਨਾਮਾਂ ਤੇ ਸਨਮਾਨਾਂ
ਤਾਜ ਪਹਿਨਾ ਸਕਦਾ ਹੋ...
ਤੇ ਜੇ ਚਾਹੋ ਤਾਂ ਕਿਸੇ ਵੀ ਅਣਖੀਲੀ ਧੌਣ ਨੂੰ
ਮਿੱਟੀ ’ਚ ਮਿਲਾ ਸਕਦੇ ਹੋ
ਕਿਸੇ ਦਾ ਸਵੈ ਅਭਿਮਾਨ
ਪਲ ’ਚ ਚੂਰ ਕਰ ਸਕਦੇ ਹੋ
ਆਪਣੇ ਚਮਚਿਆਂ ਦੇ ਖਜ਼ਾਨੇ
ਮਿੰਟਾਂ ’ਚ ਭਰਪੂਰ ਕਰ ਸਕਦੇ ਹੋ
ਤੁਹਾਨੂੰ ਕੁਰਸੀ ਨੇ
ਸਭ ਕੁਝ ਭੁਲਾ ਦਿੱਤਾ ਹੈ...
ਪਰ ਨਹੀਂ ਭੁੱਲਣਗੇ
ਕਦੇ ਨਹੀਂ ਭੁੱਲਣਗੇ ਉਹ
ਜਿਹਨਾਂ ਦੇ ਬਣਦੇ ਹੱਕ ਖੋਹ ਕੇ
ਤੁਸੀਂ ਆਪਣੀਆਂ ਸੇਜਾਂ ਤੇ ਵਿਛਾ ਲਏ
ਕੁਝ ਕੁ ਜਿਸਮ ਹੰਢਾ ਲਏ
ਤੇ ਉਹਨਾਂ ਜਿਸਮਾਂ ਨੂੰ
ਫਿਰ ਸਿਖ਼ਰ ਚੜ੍ਹਾ ਦਿੱਤਾ
ਵੱਡੇ ਤੋਂ ਵੱਡਾ ਤਾਜ
ਉਨ੍ਹਾਂ ਦੇ ਸਿਰ ਪਹਿਨਾ ਦਿੱਤਾ
ਨਹੀਂ ਭੁੱਲਣਗੇ ਉਹ
ਜਿਨ੍ਹਾਂ ਦੇ ਬਣਦੇ ਹੱਕ ਖੋਹ ਕੇ
ਤੁਸੀਂ ਆਪਣੇ ਵੱਲੋਂ
ਉਹਨਾਂ ਨੂੰ ਨਿਤਾਣੇ ਬਣਾ ਦਿੱਤਾ
ਪਰ ਉਹ ਨਿਤਾਣੇ ਨਹੀਂ ਹਨ
ਉਹ ਤੁਹਾਡੀਆਂ ਸੇਜਾਂ ਭੁਗਤਾ ਕੇ
ਅਖਾੜੇ ’ਚ ਨਹੀਂ ਆਏ
ਉਹ ਲੜਦੇ ਰਹੇ ਨੇ ਬਚਪਨ ਤੋਂ
ਸੰਘਰਸ਼ ਜੀਵਨ ਹੈ ਉਹਨਾਂ ਦਾ
ਤੇ ਤੁਹਾਡੇ ਜਿਹੇ ਆਲੰਬਰਦਾਰ ਵੀ
ਉਹਨਾਂ ਨੂੰ ਪਹਿਲੀ ਵਾਰ ਨਹੀਂ ਟੱਕਰੇ
ਥਾਂ ਥਾਂ ਤੇ ਉਹਨਾਂ ਨੂੰ ਡੰਗਿਆ ਹੈ ਤੁਸੀਂ
ਕਦੇ ਕਿਸੇ ਭੇਸ ਵਿੱਚ
ਕਦੇ ਕਿਸੇ ਵੇਸ ਵਿੱਚ
ਉਹਨਾਂ ਨੂੰ ਰੋਲਿਆ ਹੈ ਤੁਸੀਂ
ਪਰ ਪਤਾ ਨਹੀਂ
ਕਿਸ ਮਿੱਟੀ ਦੇ ਬਣੇ ਹਨ ਉਹ
ਉਹ ਫਿਰ ਉਠ ਖੜ੍ਹਦੇ ਨੇ
ਕੁਕਨੂਸ ਵਾਂਗ ਆਪਣੀ ਰਾਖ ’ਚੋਂ
ਫਿਰ ਉਦੈ ਹੁੰਦੇ ਨੇ
ਫਿਰ ਆਪਣੀ
ਸਿਰਜਣਾ ’ਚ ਰੁਝ ਜਾਂਦੇ ਨੇ..
ਉਹ ਸਮੇਂ ਦੇ ਏਕਲੱਵਿਆ ਹਨ
ਜਿਹਨਾਂ ਦੇ ਅੰਗੂਠੇ
ਕੱਟ ਕੱਟ ਕੇ
ਤੁਸੀਂ ਢੇਰ ਲਾ ਦਿੱਤਾ ਹੈ
ਪਰ ਕਿੰਨੀ ਕੁ ਦੇਰ
ਕੱਟਦੇ ਰਹੋਗੇ ਅੰਗੂਠੇ
ਕਿੰਨੀ ਕੁ ਦੇਰ
ਸੇਜਾਂ ਮਾਣਦੇ ਕਰਦੇ ਰਹੋਗੇ ਸਾਜਿਸ਼ਾਂ
ਆਖ਼ਿਰ ਕਿੰਨੀ ਕੁ ਦੇਰ
ਉਠਣਗੇ
ਇਹ ਸਾਰੇ ਏਕਲੱਵਿਆ ਇੱਕ ਦਿਨ
ਜਿਹੜੇ ਆਪਣੇ ਅੰਗੂਠੇ ਦੀ ਥਾਂ
ਤੁਹਾਨੂੰ ਤੀਰ ਦੇਣਗੇ
ਤੁਹਾਡੀਆਂ ਦ੍ਰੋਣਾਚਾਰੀਆ-ਸਾਜਿਸ਼ਾਂ ਦੇ
ਸਾਰੇ ਪਰਦੇ ਚੀਰ ਦੇਣਗੇ
ਜਵਾਬ ਮੰਗਣਗੇ
ਤੁਹਾਡੇ ਤੋਂ ਇਕ ਦਿਨ
ਇਹ ਕੱਟੇ ਹੋਏ ਅੰਗੂਠੇ
ਜਵਾਬ ਦੇਣਗੇ ਇਹ ਇੱਕ ਦਿਨ ।